ਬਠਿੰਡਾ ਪੱਟੀ ’ਚ ਟਿੱਡੀ ਦਲ ਦੇ ਟਾਕਰੇ ਲਈ ਨਹੀਂ ਦਿਖਿਆ ਅਲਰਟ ਦਾ ਅਸਰ
ਅਸ਼ੋਕ ਵਰਮਾ
ਬਠਿੰਡਾ,18 ਜਨਵਰੀ 2020 : ਪੰਜਾਬ ਸਰਕਾਰ ਵੱਲੋਂ ਫਸਲਾਂ ’ਤੇ ਟਿੱਡੀ ਦਲ ਦੇ ਸੰਭਾਵੀ ਹਮਲੇ ਦੇ ਟਾਕਰੇ ਲਈ ਜਾਰੀ ਅਲਰਟ ਦਾ ਬਠਿੰਡਾ ਜਿਲੇ ’ਚ ਕਿਧਰੇ ਵੀ ਅਸਰ ਦਿਖਾਈ ਨਹੀਂ ਦਿੱਤਾ ਹੈ। ਟਿੱਡੀ ਦਲ ਦੀ ਚਰਚਾ ਉਪਰੰਤ ਬਠਿੰਡਾ ਪੱਟੀ ’ਚ ਕਿਸਾਨ ਡਰੇ ਹੋਏ ਹਨ। ਇਹ ਉਹੀ ਇਲਾਕਾ ਹੈ ਜਿੱਥੇ ਸਾਲ 2015 ’ਚ ਚਿੱਟੀ ਮੱਖੀ ਨੇ ਨਰਮੇ ਦੀ ਫਸਲ ਤਬਾਹ ਕਰ ਦਿੱਤੀ ਸੀ ਜਿਸ ਦੇ ਝੰਬੇ ਕਿਸਾਨ ਹਾਲੇ ਤੱਕ ਸੰਭਲ ਨਹੀਂ ਸਕੇ ਹਨ।
ਹੁਣ ਰਾਜਸਥਾਨ ’ਚ ਟਿੱਡੀ ਦਲ ਵੱਲੋਂਤਬਾਹੀ ਮਚਾਉਣ ਦੀਆਂ ਰਿਪੋਰਟਾਂ ਨੇ ਕਿਸਾਨਾਂ ਦੀ ਨੀਂਦ ਹਰਾਮ ਕਰ ਰੱਖੀ ਹੈ। ਰਾਹਤ ਵਾਲੀ ਇੱਹੋ ਗੱਲ ਹੈ ਕਿ ਫਿਲਹਾਲ ਇਸ ਇਲਾਕੇ ਚੋਂ ਕਿੱਧਰੇ ਵੀ ਟਿੱਡੀ ਦਲ ਦੇ ਹਮਲੇ ਜਾਂ ਆਮਦ ਦੀ ਕੋਈ ਖਬਰ ਨਹੀਂ ਹੈ। ਸਥਿਤੀ ਦੀ ਗੰਭੀਰਤਾ ਦਾ ਅੰਦਾਜਾ ਇਸ ਤੋਂ ਲੱਗਦਾ ਹੈ ਕਿ ਅੱਜ ਡਾਇਰੈਕਟਰ ਖੇਤੀ ਵਿਭਾਗ ਪੰਜਾਬ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਪਾਹ ਪੱਟੀ ਦੇ ਮੁੱਖ ਖੇਤੀਬਾੜੀ ਅਫਸਰਾਂ ਨੂੰ ਟਿੱਡੀ ਦਲ ਦੇ ਸੰਭਾਵੀ ਟਾਕਰੇ ਵਾਸਤੇ ਤਿਆਰ ਰਹਿਣ ਲਈ ਆਖਿਆ ਹੈ। ਖੇਤੀ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਅਜੇ ਤੱਕ ਕਿਤੋਂ ਵੀ ਹਮਲੇ ਦੇ ਸੰਕੇਤ ਨਹੀਂ ਮਿਲੇ ਹਨ ਅਤੇ ਸਥਿਤੀ ਪੂਰੀ ਤਰਾਂ ਕਾਬੂ ਹੇਠ ਹੈ। ਭਾਵੇਂ ਖੇਤੀ ਵਿਭਾਗ ਸਭ ਪ੍ਰਬੰਧਾਂ ਦਾ ਦਾਅਵਾ ਕਰ ਰਿਹਾ ਹੈ ਪਰ ਕਿਸਾਨਾਂ ਮੁਤਾਬਕ ਉਨਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਜੇਕਰ ਟਿੱਡੀ ਦਲ ਦਾ ਹਮਲਾ ਹੋ ਗਿਆ ਤਾਂ ਵੱਡਾ ਨੁਕਸਾਨ ਕਰ ਸਕਦਾ ਹੈ। ਬਠਿੰਡਾ ਜਿਲੇ ’ਚ ਸਾਲ 2012 ਵਿਚ ਟਿੱਡੀ ਦਲ ਦੇ ਹੱਲੇ ਨੇ ਸੈਂਕੜੇ ਏਕੜ ਫਸਲ ਤਬਾਹ ਕਰ ਦਿੱਤੀ ਸੀ ਜਦੋਂਕਿ ਪੰਜਾਬ ’ਚ ਸਾਲ 1993 ਵਿਚ ਟਿੱਡੀ ਦਲ ਦੀ ਪ੍ਰਕੋਪੀ ਕਾਰਨ ਵੱਡਾ ਨੁਕਸਾਨ ਹੋਇਆ ਸੀ। ਐਤਕੀਂ ਟਿੱਡੀ ਦਲ ਨੇ ਰਾਜਸਥਾਨ ਦੇ ਕਰੀਬ 12 ਜ਼ਿਲਿਆਂ ’ਤੇ ਧਾਵਾ ਬੋਲ ਦਿੱਤਾ ਹੈ ਜੋਕਿ ਗੁਆਂਢੀ ਸੂਬਾ ਹੋਣ ਕਰਕੇ ਚਿੰਤਾ ਦਾ ਸਬੱਬ ਹੈ। ਬਹਾਦਰਗੜ ਜੰਡੀਆਂ ਦੇ ਕਿਸਾਨ ਧਰਮਪਾਲ ਸਿੰਘ ਨੇ ਦੱਸਿਆ ਕਿ ਪਿੰਡਾਂ ’ਚ ਟਿੱਡੀ ਦਲ ਦੇ ਹਮਲੇ ਦੀ ਚਰਚਾ ਤਾਂ ਵੱਡੀ ਪੱਧਰ ਤੇ ਛਿੜੀ ਹੋਈ ਹੈ ਪਰ ਖੇਤੀ ਵਿਭਾਗ ਵੱਲੋ ਕਿਸੇ ਕਿਸਮ ਦੀ ਕੋਈ ਸੂਚਨਾ ਨਹੀਂ ਦਿੱਤੀ ਗਈ ਹੈ। ਉਨਾਂ ਆਖਿਆ ਕਿ ਕਿਸਾਨਾਂ ’ਚ ਭੈਅ ਪੱਸਰਿਆ ਹੋਇਆ ਹੈ ਇਸ ਲਈ ਸਰਕਾਰ ਨੂੰ ਸਥਿਤੀ ਸਹੀ ਜਾਣਕਾਰੀ ਮੁਹਈਆ ਕਰਵਾਉਣ ਦੇ ਨਾਲ ਨਾਲ ਟਿੱਡੀ ਦਲ ਦੇ ਟਾਕਰੇ ਲਈ ਲੁੜੀਂਦੇ ਪ੍ਰਬੰਧ ਕਰਨੇ ਚਾਹੀਦੇ ਹਨ।ਉਨਾਂ ਆਖਿਆ ਕਿ ਕਿਸਾਨ ਸਿਰਫ ਆਪਣੇ ਪੱਧਰਤੇ ਜਰੂਰ ਚੌਕਸੀ ਵਰਤਣ ਲੱਗੇ ਹਨ। ਦੱਸਣਯੋਗ ਹੈ ਕਿ ਟਿੱਡੀ ਦਲ, ਟਿੱਡੀਆਂ ਦਾ ਅਜਿਹਾ ਖਤਰਨਾਕ ਝੁੰਡ ਹੈ ਜੋ ਜਿਸ ਫਸਲ ’ਤੇ ਬੈਠ ਜਾਂਦਾ ਹੈ, ਪੂਰੇ ਦੇ ਪੂਰੇ ਖੇਤਾਂ ’ਚ ਤਬਾਹੀ ਮਚਾ ਦਿੰਦਾ ਹੈ। ਜੇਕਰ ਟਿੱਡੀਆਂ ਆ ਜਾਣ ਤਾਂ ਕਿਸਾਨ ਇਸ ਤੋਂ ਬਚਣ ਲਈ ਕੀਟਨਾਸ਼ਕ ਦਾ ਛਿੜਕਾਅ ਕਰਦੇ ਹਨ। ਇਸ ਤੋਂ ਬਿਨਾਂ ਟਿੱਡੀਆਂ ਨੂੰ ਡਰਾਉਣ ਲੲਂ ਪੀਪੇ ਖੜਕਾਉਣੇ ਪੈਂਦੇ ਹਨ ਕਿਉਂਕਿ ਖੜਕੇ ਨਾਲ ਇਹ ਟਿੱਡੀਆਂ ਫਸਲ ’ਤੇ ਨਹੀਂ ਬੈਠਦੀਆਂ ਹਨ।
ਅਫਸਰਾ ਨੇ ਫੋਨ ਨਹੀਂ ਚੁੱਕਿਆ
ਓਧਰ ਇਸ ਗੰਭੀਰ ਮਾਮਲੇ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ਤੇ ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀ ਨਿਵਾਸਨ ਅਤੇ ਮੁੱਖ ਖੇਤੀਬਾੜੀ ਅਫਸਰ ਡਾ ਗੁਰਾਂਦਿੱਤਾ ਸਿੰਘ ਨੇ ਫੋਨ ਨਹੀਂ ਚੁੱਕਿਆ
ਸਰਕਾਰਾਂ ਦੀ ਤਰਜੀਹ ਨਹੀਂ ਖੇਤੀ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਅਸਲ ’ਚ ਖੇਤੀ ਖੇਤਰ ਸਰਕਾਰਾਂ ਦੀ ਤਰਜੀਹ ਨਹੀਂ ਰਿਹਾ ਹੈ ਜਿਸ ਕਰਕੇ ਕਿਸਾਨੀ ਮਸਲਿਆਂ ਨੂੰ ਅਣਗੌਲਿਆ ਕਰਨਾ ਆਮ ਜਿਹੀ ਗੱਲ ਹੈ। ਉਨਾਂ ਦੱਸਿਆ ਕਿ ਪਹਿਲਾਂ ਚਿੱਟਂ ਮੱਖੀ ਕਿਸਾਨਾਂ ਨੂੰ ਕਰੋੜਾਂ ਰੁਪਏ ਦਾ ਰਗੜਾ ਲਾ ਚੁੱਥੀ ਹੈ ਤੇ ਹੁਣ ਇਸ ਨਵੀਂ ਅਲਾਮਤ ਨੇ ਕਿਸਾਨਾਂ ਨੂੰ ਫਿਕਰਾਂ ’ਚ ਡੋਬ ਰੱਖਿਆ ਹੈ ਜਦੋਂਕਿ ਸਰਕਾਰ ਹੱਥ ਤੇ ਹੱਥ ਧਰੀ ਬੈਠੀ ਹੈ। ਕਿਸਾਨ ਆਗੂ ਨੇ ਕਿਹਾ ਕਿ ਜੇਕਰ ਕਿਸਾਨਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾ ਇਸ ਲਈ ਸਰਕਾਰ ਜਿੰਮਾਵਾਰ ਹੋਵੇਗੀ। ਉਨਾਂ ਮੰਗ ਕੀਤੀ ਕਿ ਸਰਕਾਰ ਫੌਰੀ ਤੌਰ ਤੇ ਟਿੱਡੀ ਦਲ ਦੇ ਟਾਕਰੇ ਲਈ ਜਰੂਰਤ ਅਨੁਸਾਰ ਪ੍ਰਬੰਧ ਕਰੇ।
ਕਿਸਾਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ: ਡਾਇਰੈਕਟਰ
ਖੇਤੀ ਮਹਿਕਮਾ ਪੰਜਾਬ ਦੇ ਡਾਇਰੈਕਟਰ ਸੁਤੰਤਰ ਐਰੀ ਨੇ ਕਿਹਾ ਕਿ ਟਿੱਡੀ ਦਲ ਦੇ ਮਾਮਲੇ ’ਚ ਕਿਸਾਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀ ਫਿਰ ਵੀ ਅੱਜ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਚੌਕਸ ਰਹਿਣ ਲਈ ਆਖ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਸ਼ੱਕੀ ਥਾਵਾਂ ਦੀ ਨਿਗਰਾਨੀ ਲਈ 15 ਟੀਮਾਂ ਦੀ ਤਾਇਨਾਤੀ ਕੀਤੀ ਗਈ ਹੈ। ਖੇਤੀ ਮਹਿਕਮੇ ਕੀਟਨਾਸ਼ਕ ਕੰਪਨੀਆਂ ਨੂੰ ਕੀਟਨਾਸ਼ਕਾਂ ਦੇ ਲੋੜੀਂਦੇ ਪ੍ਰਬੰਧ ਤਿਆਰ ਰੱਖਣ ਵਾਸਤੇ ਹਦਾਇਤ ਕਰ ਦਿੱਤੀ ਹੈ ਅਤੇ ਤਕਨੀਕੀ ਸਟਾਫ ਨੂੰ ਵੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਉਨਾਂ ਦੱਸਿਆ ਕਿ ਪੰਜਾਬ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਕੇਂਦਰ ਤੇ ਰਾਜਸਥਾਨ ਸਰਕਾਰ ਨਾਲ ਵੀ ਤਾਲਮੇਲ ਬਣਾਇਆ ਹੋਇਆ ਹੈ।