ਅਸ਼ੋਕ ਵਰਮਾ
ਬਠਿੰਡਾ, 18 ਜਨਵਰੀ 2020 - ਬਠਿੰਡਾ ਪੱਟੀ ਅੱਜ ਵੀ ਸੰਘਣੀ ਧੁੰਦ ‘ਚ ਘਿਰੀ ਰਹੀ । ਭਾਵੇਂ ਦੁਪਹਿਰ ਤੱਕ ਸੂਰਜ ਦੀ ਟਿੱਕੀ ਦੇ ਦਰਸ਼ਨ ਹੋਏ ਪਰ ਸ਼ੀਤ ਲਹਿਰ ਕਾਰਨ ਇਲਾਕੇ ‘ਚ ਠੰਢ ਦਾ ਕਹਿਰ ਜਾਰੀ ਹੈ ਜਿਸ ਤੋਂ ਅਗਲੇ ਤਿੰਨ ਚਾਰ ਦਿਨ ਰਾਹਤ ਮਿਲਣ ਦੇ ਵੀ ਆਸਾਰ ਨਜ਼ਰ ਨਹੀਂ ਆ ਰਹੇ ਹਨ। ਓਧਰ ਮੌਸਮ ਵਿਭਾਗ ਅਨੁਸਾਰ ਅੱਜ ਦਾ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਸੈਲਸੀਅਸ ਮਾਪਿਆ ਗਿਆ ਹੈ, ਜਦੋਂਕਿ ਘੱਟ ਤੋਂ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਰਿਹਾ। ਬੀਤੇ ਕੱਲ ਦਾ ਵੱਧ ਤੋਂ ਵੱਧ ਤਾਪਮਾਨ 15ਅਤੇ ਘੱਟ ਤੋਂ ਘੱਟ 3.6 ਡਿਗਰੀ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਦਾ ਮਿਜ਼ਾਜ ਅਜਿਹਾ ਹੀ ਰਹਿਣ ਦੀ ਸੰਭਾਵਨਾ ਹੈ। ਅਗਾਮੀ 22 ਜਨਵਰੀ ਨੂੰ ਹਲਕੀ ਬਾਰਸ਼ ਦੀ ਸੰਭਾਵਨਾ ਹੈ। ਅੱਜ ਵੀ ਇਲਾਕੇ ਵਿਚ ਬਹੁਤੇ ਥਾਈਂ ਰਾਤ ਦਾ ਤਾਪਮਾਨ ਆਮ ਨਾਲੋਂ ਕਾਫੀ ਹੇਠਾਂ ਚਲਾ ਗਿਆ ਹੈ।
ਸ਼ੀਤ ਲਹਿਰ ਕਾਰਨ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ, ਉਥੇ ਹੀ ਸੜਕੀ ਅਤੇ ਰੇਲ ਆਵਾਜਾਈ ਵੀ ਬੁਰੀ ਤਰਾਂ ਪ੍ਰਭਾਵਿਤ ਹੋਈ ਹੈ। ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ ਜਿਸ ਕਾਰਨ ਰੇਲ ਮੁਸਾਫਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਉੱਤੇ ਵਾਹਨ ਚਾਲਕਾਂ ਨੂੰ ਦਿਨ ਸਮੇਂ ਵੀ ਬੱਤੀਆਂ ਜਗਾ ਕੇ ਚੱਲਣਾ ਪੈ ਰਿਹਾ ਹੈ । ਠੰਢ ਤੋਂ ਬਚਾਅ ਲਈ ਲੋਕ ਅੱਗ ਦਾ ਸਹਾਰਾ ਲੈ ਰਹੇ ਹਨ। ਸੰਘਣੇ ਧੁੰਦ ਵਾਲੇ ਮਹੌਲ ਕਾਰਨ ਨੌਕਰੀ ਪੇਸ਼ਾ ਅਤੇ ਆਮ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਤੇ ਜਾਣ ਲਈ ਭਾਰੀ ਪ੍ਰੇਸ਼ਾਨੀਆਂ ਦਾ ਕਰਨਾ ਪਿਆ।
ਦੂਜੇ ਪਾਸੇ ਰਾਤ ਦੀ ਠੰਢ ਵਧਣ ਗਰੀਬ ਲੋਕਾਂ ਲਈ ਹੋਰ ਵੀ ਵੱਡੀ ਸਮੱਸਿਆ ਪੈਦਾ ਹੋ ਗਈ ਹੈ ਕਿਉਂਕਿ ਠੰਢ ਤੋਂ ਬਚਣ ਲਈ ਇਨਾਂ ਕੋਲ ਲੋੜੀਂਦੇ ਕੱਪੜੇ ਤੇ ਕੰਬਲ ਵੀ ਨਹੀਂ ਹਨ। ਸ਼ਹਿਰ ਦੀਆਂ ਦੂਸਰੀਆਂ ਸਮਾਜਸੇਵੀ ਸੰਸਥਾਵਾਂ ਵੱਲੋਂ ਕੰਬਲਾਂ ਅਤੇ ਹੋਰ ਗਰਮ ਕੱਪੜਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸਹਿਯੋਗ ਵੈਲਫੇਅਰ ਕਲੱਬ ਦੇ ਪ੍ਰਧਾਨ ਗੁਰਵਿੰਦਰ ਸ਼ਰਮਾ ਦੀ ਅਗਵਾਈ ਹੇਠ ਉਨਾਂ ਦੇ ਸਾਥੀਆਂ ਨੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕਈ ਥਾਵਾਂ ਤੇ ਗਰਮ ਕੱਪੜਿਆਂ ਦੀ ਵੰਡ ਕੀਤੀ ਹੈ। ਉਨਾਂ ਵੱਲੋਂ ਵੱਖ ਵੱਖ ਸਕੂਲਾਂ ਅਤੇ ਬਸਤੀਆਂ ਵਿਚਲੇ ਗਰੀਬ ਪ੍ਰੀਵਾਰਾਂ ਦੇ ਬੱਚਿਆਂ ਨੂੰ ਬੂਟ ਜੁਰਾਬਾਂ ਵੀ ਵੰਡੇ ਗਏ ਹਨ। ਸ਼ੀਤ ਲਹਿਰ ਗਰਮ ਕੱਪੜਿਆਂ ਦੀਆਂ ਦੁਕਾਨਾਂ‘ਤੇ ਰੌਣਕਾਂ ਲੱਗੀਆਂ ਹੋਈਆਂ ਹਨ।
ਮਜਦੂਰਾਂ ਨੂੰ ਖਰਾਬ ਮੌਸਮ ਦੀ ਮਾਰ:ਮਾਹੀਪਾਲ
ਮਜ਼ਦੂਰੀ ਕਰਨ ਵਾਲਿਆਂ ਦਾ ਡਾਢਾ ਬੁਰਾ ਹਾਲ ਹੈ। ਉਸਾਰੀ ਮਜ਼ਦੂਰ ਮਹਿੰਦਰ ਸਿੰਘ ਨੇ ਦੱਸਿਆ ਕਿ ਅੱਜ ਕੱਲ ਚਿਣਾਈ ਸੀਮਿੰਟ ਨਾਲ ਹੁੰਦੀ ਹੈ ਇਸ ਲਈ ਇੱਟਾਂ ਨੂੰ ਤਰ ਕਰਨਾ ਪੈਂਦਾ ਹੈ। ਗਿੱਲੀਆਂ ਇੱਟਾਂ ਤੇ ਬਰਫ਼ ਵਰਗੇ ਠੰਢੇ ਸੀਮਿੰਟ ਦਾ ਕੰਮ ਜਾਨ ਲੇਵਾ ਹੁੰਦਾ ਹੈ ਉਂਗਲਾਂ ਆਕੜ ਜਾਂਦੀਆਂ ਹਨ। ਰਿਕਸ਼ਾ ਚਾਲਕ ਰਾਮੂ ਪਾਸਵਾਨ ਨੇ ਦੱਸਿਆ ਕਿ ਸੁੰਨ ਹੋਏ ਹੱਥਾਂ ਤੇ ਪੈਰਾਂ ਨਾਲ ਰਿਕਸ਼ਾ ਚਲਾਉਣਾ ਜਾਨ ਕੱਢ ਲੈਂਦਾ ਹੈ। ਮਜਦੂਰ ਨੇਤਾ ਕਾਮਰੇਡ ਮਾਹੀਪਾਲ ਦਾ ਕਹਿਣਾ ਸੀ ਕਿ ਖਰਾਬ ਮੌਸਮ ਦੀ ਮਜਦੂਰ ਵਰਗ ਨੂੰ ਜਿਆਦਾ ਪੈਦੀ ਹੈ ਕਿਉਂਕਿ ਉਨਾਂ ਨੇ ਰੋਜਾਨਾ ਦਿਹਾੜੀ ਕਰਕੇ ਚੁੱਲਾ ਤਪਾਉਣਾ ਹੰੁਦਾ ਹੈ।
ਕਣਕ ਲਈ ਠੰਢਾ ਮੌਸਮ ਵਰਦਾਨ: ਰੋਮਾਣਾ
ਖੇਤੀਬਾੜੀ ਮਾਹਿਰਾਂ ਅਨੁਸਾਰ ਕਣਕ ਦੀ ਖੇਤੀ ਲਈ ਠੰਢ ਲਾਭਦਾਇਕ ਹੈ ਇਸ ਨਾਲ ਫਸਲ ਦੇ ਝਾੜ ਵੱਧਣ ਦੇ ਆਸਾਰ ਵਧ ਜਾਂਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਵਿਗਿਆਨੀ ਗੁਰਜਿੰਦਰ ਸਿੰਘ ਰੋਮਾਣਾ ਦਾ ਕਹਿਣਾ ਸੀ ਕਿ ਜੇਕਰ ਠੰਢਾ ਤੇ ਨਾਲ ਹੀ ਮਾੜਾ ਮੋਟਾ ਧੁੱਪ ਵਾਲਾ ਮੌਸਮ ਰਹਿੰਦਾ ਹੈ ਤਾਂ ਕਣਕ ਦੀ ਪੈਦਾਵਾਰ ਵਧਦੀ ਹੈ। ਉਨਾਂ ਆਖਿਆ ਕਿ ਸਿਰਫ ਆਲੂਆ ,ਸਰੋਂ ਜਾਂ ਚੌੜੇ ਪੱਤੇ ਵਾਲੀਆਂ ਫਸਲਾਂ ਲਈ ਕੋਹਰਾ ਖਤਰਨਾਕ ਸਾਬਤ ਹੋ ਸਕਦਾ ਹੈ ਪਰ ਕਣਕ ਲਈ ਕੋਈ ਹਾਨੀਂ ਨਹੀਂ ਹੈ।
ਬੱਚਿਆਂ ਲਈ ਵੀ ਮੌਸਮ ਘਾਤਕ
ਤਾਜਾ ਮੌਸਮ ਬੱਚਿਆਂ ਵਾਸਤੇ ਵੀ ਖਤਰਿਆਂ ਭਰਿਆ ਦੱਸਿਆ ਜਾ ਰਿਹਾ ਹੈ ਅਜਿਹੇ ਮੌਸਮ ’ਚ ਬੱਚੇ ਨਮੂਨੀਏ ਦਾ ਸ਼ਿਕਾਰ ਹੋ ਸਕਦੇ ਹਨ ਏਦਾਂ ਦੇ ਮੌਸਮ ’ਚ ਬੱਚਿਆਂ ਨੂੰ ਸਾਹ ਦੀਆਂ ਬੀਮਾਰੀਆਂ ਵੀ ਘੇਰ ਸਕਦੀਆਂ ਹਨ। ਸਿਵਲ ਹਸਪਤਾਲ ਬਠਿੰਡਾ ਦੇ ਬੱਚਿਆਂ ਦੇ ਮਾਹਿਰ ਡਾ. ਸਤੀਸ਼ ਜਿੰਦਲ ਨੇ ਸੁਚੇਤ ਕੀਤਾ ਕਿ ਇਨਾਂ ਧੁੰਦ ਦੇ ਦਿਨਾਂ ਵਿੱਚ ਬੱਚਿਆਂ ਨੂੰ ਜਰੂਰਤ ਤੋਂ ਬਗੈਰਘਰਾਂ ਤੋਂ ਬਾਹਰ ਨਾ ਭੇਜਿਆ ਜਾਵੇ। ਖ਼ਾਸ ਕਰਕੇ ਉਨਾਂ ਦੋ ਪਹੀਆ ਮੋਟਰਸਾਈਕਲਾਂ ਆਦਿ ‘ਤੇ ਬੱਚਿਆਂ ਨੂੰ ਲਿਜਾਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ