ਗੁਰਨਾਮ ਸਿੱਧੂ
ਫਿਰੋਜ਼ਪੁਰ 18 ਜਨਵਰੀ 2020 : ਫਿਰੋਜ਼ਪੁਰ ਦੇ ਸਰਹੱਦੀ ਪਿੰਡ ਬਾਰੇਕੇ ਵਿਖੇ ਇਕ ਵਿਅਕਤੀ ਨੇ ਆਪਣੀ ਪਤਨੀ ਦੇ ਪੇਟ ਵਿਚ ਕਿਰਚ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਹੈ। ਦੋਸ਼ੀ ਨੇ ਇਸ ਵਾਰਦਾਤ ਨੂੰ ਔਰਤ ਦੇ ਪੇਕੇ ਘਰ ਵਿਚ ਅੰਜ਼ਾਮ ਦਿੱਤਾ। ਪੇਕੇ ਵਿਚ ਸਾਲੇ ਦੀ ਲੜਕੀ ਦੇ ਜਨਮ ਦਿਨ ਦਾ ਆਯੋਜਨ ਸੀ। ਜਿਸ ਦੌਰਾਨ ਪਤੀ ਪਤਨੀ ਵਿਚ ਬੋਲ ਬੁਲਾਰਾ ਹੋ ਗਿਆ। ਪਹਿਲਾ ਤਾਂ ਦੋਸ਼ੀ ਆਪਣੇ ਲੜਕੇ ਨੂੰ ਲੈ ਕੇ ਆਪਣੇ ਘਰ ਛਾਂਗਾ ਰਹੀਮੇ ਕੇ ਚਲਾ ਗਿਆ, ਫਿਰ ਦੋ ਘੰਟੇ ਦੇ ਬਾਅਦ ਵਾਪਸ ਆਇਆ ਅਤੇ ਆਪਣੀ ਪਤਨੀ ਨੂੰ ਬਹਾਨੇ ਨਾਲ ਬਾਹਰ ਲਿਜਾ ਕੇ ਉਸ ਦੇ ਪੇਟ ਵਿਚ ਕਿਰਚ ਮਾਰ ਦਿੱਤੀ। ਉਸ ਦੇ ਬਾਅਦ ਦੋਸ਼ੀ ਫਰਾਰ ਹੋ ਗਿਆ। ਔਰਤ ਸੀਮਾ ਰਾਣੀ (40) ਨੂੰ ਜ਼ਖਮੀਂ ਹਾਲਤ ਵਿਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਜਵਾਬ ਦੇ ਦਿੱਤਾਂ ਤਾਂ ਫਿਰੋਜ਼ਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਲੈ ਕੇ ਗਏ, ਉਥੋਂ ਦੇ ਡਾਕਟਰਾਂ ਨੇ ਸੀਮਾ ਰਾਣੀ ਨੂੰ ਮ੍ਰਿਤਕ ਐਲਾਨ ਦਿੱਤਾ। ਉਧਰ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਸੀਮਾ ਰਾਣੀ ਦੀ ਮਾਂ ਮਹਿੰਦਰੋ ਨੇ ਸਿਵਲ ਹਸਪਤਾਲ ਫਿਰੋਜ਼ਪੁਰ ਦੀ ਅਮਰਜੈਂਸੀ ਦੇ ਬਾਹਰ ਦੱਸਿਆ ਕਿ ਉਨ੍ਹਾਂ ਲੜਕੇ ਧਰਮਪਾਲ ਪਾਲ ਦੀ ਲੜਕੀ ਪ੍ਰਿਆ ਦਾ 17 ਜਨਵਰੀ ਨੂੰ ਪਹਿਲਾ ਜਨਮ ਦਿਨ ਸੀ। ਜਿਸ ਦੇ ਲਈ ਉਨ੍ਹਾਂ ਨੇ ਛਾਂਗਾ ਰਾਏ ਵਿਚ ਵਿਆਹੀ ਹੋਈ ਆਪਣੀ ਲੜਕੀ ਸੀਮਾ ਰਾਣੀ ਨੂੰ ਵੀ ਸੱਦਿਆ ਸੀ। ਬੀਤੇ ਦਿਨ ਸ਼ਾਮ ਨੂੰ ਜਵਾਈ ਨਿਸ਼ਾਨ ਸਿੰਘ ਬੱਚਿਆਂ ਅਤੇ ਲੜਕੀ ਨੂੰ ਲੈ ਕੇ ਸੱਤ ਵਜੇ ਬਾਰੇ ਕੇ ਉਨ੍ਹਾਂ ਦੇ ਘਰ ਆ ਗਿਆ ਸੀ। ਪ੍ਰੋਗਰਾਮ ਹੋਇਆ, ਕੁਝ ਦੇਰ ਬਾਅਦ ਨਿਸ਼ਾਨ ਮਾਮੂਲੀ ਗੱਲ ਨੂੰ ਲੈ ਕੇ ਸੀਮਾ ਦੇ ਨਾਲ ਬਹਿਸ ਕਰਨ ਲੱਗਾ ਅਤੇ ਫਿਰ ਝਗੜਾ ਕਰਨ ਲੱਗ ਗਿਆ। ਉਸ ਨੇ ਸਮਝਾਉਣ ਦਾ ਯਤਨ ਕੀਤਾ, ਪਰ ਨਿਸ਼ਾਨ ਆਪਣੇ ਇਕ ਲੜਕੇ ਨੂੰ ਲੈ ਕੇ ਛਾਂਗਾ ਰਹੀਮੇ ਕੇ ਚਲਾ ਗਿਆ। ਫਿਰ 9 ਵਜੇ ਰਾਤ ਨੂੰ ਵਾਪਸ ਆਇਆ ਅਤੇ ਸੀਮਾ ਨੂੰ ਆਪਣੇ ਨਾਲ ਘਰ ਤੋਂ ਬਾਹਰ ਲੈ ਗਿਆ। ਘਰ ਦੇ ਕੁਝ ਦੂਰ ਜਾ ਕੇ ਉਸ ਨੇ ਸੀਮਾ ਦੇ ਪੇਟ ਵਿਚ ਕਿਰਚ ਮਾਰ ਦਿੱਤੀ ਅਤੇ ਭੱਜ ਗਿਆ। ਸੀਮਾ ਨੇ ਰੌਲਾ ਪਾਇਆ ਤਾਂ ਉਸ ਨੇ ਵੇਖਿਆ ਕਿ ਸੀਮਾ ਦੇ ਪੇਟ ਵਿਚੋਂ ਖੂਨ ਵਗ ਰਿਹਾ ਹੈ। ਉਸ ਨੇ ਆਪਣੇ ਲੜਕਿਆਂ ਦੀ ਮੱਦਦ ਨਾਲ ਸੀਮਾ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਜਵਾਬ ਦੇ ਦਿੱਤਾ, ਫਿਰ ਰਾਤ ਦਸ ਵਜੇ ਦੇ ਕਰੀਬ ਇਕ ਨਿੱਜੀ ਹਸਪਤਾਲ ਲੈ ਕੇ ਪਹੁੰਚੇ ਤਾਂ ਡਾਕਟਰਾਂ ਨੇ ਸੀਮਾ ਨੂੰ ਮ੍ਰਿਤਕ ਐਲਾਨ ਦਿੱਤਾ।