ਅਸ਼ੋਕ ਵਰਮਾ
- 398 ਲਾਭਪਾਤਰੀਆਂ ਨੂੰ ਦਿੱਤੇ 4.26 ਕਰੋੜ ਦੇ ਕਰਜੇ
ਬਠਿੰਡਾ, 18 ਜਨਵਰੀ 2020 - ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ੍ਰੀਨਿਵਾਸਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਭਾਰਤੀ ਸਟੇਟ ਬੈਂਕ ਦੁਆਰਾ ਚਲਾਏ ਜਾ ਰਹੇ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾਨ ਜ਼ਿਲ੍ਹੇ ਦੇ ਬੇਰੁਜ਼ਗਾਰ ਲੜਕੇ-ਲੜਕੀਆਂ ਲਈ ਬਹੁਤ ਹੀ ਸਹਾਈ ਸਿੱਧ ਹੋ ਰਿਹਾ ਹੈ। ਇਨ੍ਹਾਂ ਰਾਹੀਂ ਮਾਹਰ ਟ੍ਰੇਨਰਾਂ ਕੋਲੋਂ ਮੁਫ਼ਤ ਸਿਖਲਾਈ ਪ੍ਰਾਪਤ ਕਰਕੇ ਕਈ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਆਪਣਾ ਸਵੈ ਰੁਜ਼ਗਾਰ ਚਲਾ ਰਹੇ ਹਨ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਸਰਕਲ ਦੇ ਜਨਰਲ ਮੈਨੇਜ਼ਰ ਸ਼੍ਰੀ ਸੁਭਾਸ਼ ਜੁਆਇੰਨਵਾਲ ਨੇ ਦੱਸਿਆ ਕਿ ਸਵੈ ਰੁਜ਼ਗਾਰ ਚਲਾਉਣ ਜਾਂ ਆਪਣੇ ਪਹਿਲਾਂ ਚੱਲ ਰਹੇ ਰੁਜ਼ਗਾਰ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਇੱਥੋ ਦੇ ਹੋਟਲ ਹਿਲਟਨ ਕਾਸਲ ਵਿਖੇ ਇੱਕ ਰੋਜ਼ਾ ਮਹਾਂ ਲੋਨ ਮੇਲਾ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਮਹਾਂ ਲੋਨ ਮੇਲਾ ਭਾਰਤੀ ਸਟੇਟ ਬੈਂਕ ਆਫ਼ ਇੰਡੀਆ ਵਲੋਂ ਆਪਣੀ ਕਿਸਮ ਦਾ ਇੱਕ ਪਹਿਲਾ ਮੇਲੇ ਹੈ ਜਿਸ ਦੌਰਾਨ ਇੱਕ ਦਿਨ ਵਿਚ ਹੀ 398 ਲਾਭਪਾਤਰੀਆਂ ਨੂੰ 4.26 ਕਰੋੜ ਦੇ ਕਰਜ਼ੇ ਮੁਹੱਈਆ ਕਰਵਾਏ ਗਏ ਹਨ। ਇਸ ਮੇਲੇ ਤੋਂ ਉਤਸ਼ਾਹਤ ਹੁੰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਇਸ ਕਿਸਮ ਦੇ ਮਹਾਂ ਲੋਨ ਮੇਲੇ ਭਵਿੱਖ ਵਿਚ ਸੂਬੇ ਦੇ ਬਾਕੀ ਜ਼ਿਲ੍ਹਿਆਂ ਅਤੇ ਹੋਰ ਸਟੇਟਾਂ ਵਿਚ ਵੀ ਲਗਾਏ ਜਾਣਗੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਭਾਰਤੀ ਸਟੇਟ ਬੈਂਕ ਦੇ ਰਿਜ਼ਨਲ ਮੈਨੇਜ਼ਰ ਬਠਿੰਡਾ ਸ਼੍ਰੀ ਪਵਨ ਗੋਇਲ ਨੇ ਦੱਸਿਆ ਕਿ ਇਸ ਇੱਕ ਰੋਜ਼ਾ ਮਹਾਂ ਲੋਨ ਮੇਲੇ ਦੌਰਾਨ ਸੂਬੇ ਦੇ ਮਾਲਵੇ ਖੇਤਰ ਦੇ 7 ਜ਼ਿਲਿ•ਆਂ (ਬਠਿੰਡਾ, ਬਰਨਾਲਾ, ਮਾਨਸਾ, ਸ਼੍ਰੀ ਮੁਕਤਸਰ ਸਾਹਿਬ, ਫ਼ਾਜਿਲਕਾ, ਫ਼ਰੀਦਕੋਟ ਤੇ ਫ਼ਿਰੋਜ਼ਪੁਰ) ਤੋਂ ਸਵੈ ਰੁਜ਼ਗਾਰ ਪ੍ਰਾਪਤ ਕਰਨ ਦੇ ਚਾਹਵਾਨਾਂ ਨੂੰ ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਪ੍ਰਧਾਨ ਮੰਤਰੀ ਸਟੈਂਡ ਅੱਪ ਯੋਜਨਾ ਅਤੇ ਸੈਲਫ਼ ਹੈਲਪ ਗਰੁੱਪਾਂ ਨੂੰ ਲੋਨ ਦਿੱਤੇ ਗਏ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੇਂਡੂ ਸਵੈ ਰੁਜਗਾਰ ਸਿਖਲਾਈ ਸੰਸਥਾ ਦੇ ਡਾਇਰੈਕਟਰ ਸ਼੍ਰੀ ਜੀ. ਡੀ. ਗੋਇਲ ਅਤੇ ਡਿਪਟੀ ਡਾਇਰੈਕਟਰ ਸ਼੍ਰੀ ਨਰੇਸ਼ ਰੁਪਾਣਾ ਨੇ ਦੱਸਿਆ ਕਿ ਇਸ ਮਹਾਂ ਲੋਨ ਮੇਲੇ ਦੌਰਾਨ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ 161 ਲਾਭਪਾਤਰੀਆਂ 130 ਲੱਖ, 101 ਸੈਲਫ਼ ਹੈਲਪ ਗਰੁੱਪਾਂ ਨੂੰ 51 ਲੱਖ, ਸਟੈਂਡ ਅੱਪ ਇੰਡੀਆ ਯੋਜਨਾ ਤਹਿਤ 5 ਲਾਭਪਾਤਰੀਆਂ ਨੂੰ 110 ਲੱਖ ਰੁਪਏ ਤੋਂ ਇਲਾਵਾ ਐਗਰੀ ਗੋਲਡ ਲੋਨ ਤਹਿਤ 131 ਲਾਭਪਾਤਰੀਆਂ ਨੂੰ 135 ਲੱਖ ਰੁਪਏ ਦੇ ਲੋਨ ਮੌਕੇ 'ਤੇ ਹੀ ਮੁਹੱਈਆ ਕਰਵਾਏ ਗਏ।
ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਇਨ੍ਹਾਂ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਲੋੜਵੰਦ ਲਾਭਪਾਤਰੀਆਂ ਨੂੰ 5 ਲੱਖ ਰੁਪਏ ਤੱਕ ਦੇ ਕਰਜ਼ੇ, ਪ੍ਰਧਾਨ ਮੰਤਰੀ ਸਟੈਂਡ ਅੱਪ ਯੋਜਨਾ ਤਹਿਤ 25 ਲੱਖ ਰੁਪਏ ਦੇ ਕਰਜ਼ੇ ਅਤੇ ਇਸੇ ਤਰ੍ਹਾਂ ਸੈਲਫ਼ ਹੈਲਪ ਗਰੁੱਪਾਂ ਤਹਿਤ ਸਿਰਫ਼ 10 ਮਹਿਲਾਵਾਂ ਦੇ ਬਣੇ 1 ਗਰੁੱਪ ਨੂੰ ਬਿਨਾਂ ਕਿਸੇ ਗਰੰਟੀ ਜਾਂ ਸਕਿਊਰਟਰੀ ਦੇ 10 ਲੱਖ ਰੁਪਏ ਤੱਕ ਦੇ ਕਰਜ਼ੇ ਦਿੱਤੇ ਜਾਂਦੇ ਹਨ।
ਇਸ ਮਹਾਂ ਲੋਨ ਮੇਲੇ ਦੌਰਾਨ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾਨਾਂ ਦੁਆਰਾ ਚਲਾਏ ਜਾ ਰਹੇ ਟ੍ਰੇਨਿੰਗ ਸੈਂਟਰਾਂ ਵਿਖੇ ਤਿਆਰ ਕੀਤੇ ਗਏ ਉਤਪਾਦਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
ਇਸ ਮੌਕੇ ਭਾਰਤੀ ਸਟੇਟ ਬੈਂਕ ਪਟਿਆਲਾ ਦੇ ਡਿਪਟੀ ਜਨਰਲ ਮੈਨੇਜ਼ਰ ਸ਼੍ਰੀ ਵਿਜੈ ਸਾਨਬਾਗ, ਰਿਜਨਲ ਜਨਰਲ ਮੈਨੇਜ਼ਰ ਬਠਿੰਡਾ ਸ਼੍ਰੀ ਪਵਨ ਗੋਇਲ, ਰਿਜਨਲ ਮੈਨੇਜ਼ਰ ਪਟਿਆਲਾ ਸ਼੍ਰੀ ਸੁਖਦਰਸ਼ਨ ਗੋਇਲ, ਜ਼ਿਲ•ਾ ਸੇਲਜ਼ ਹੱਬ ਬਰਨਾਲਾ ਦੇ ਚੀਫ਼ ਮੈਨੇਜ਼ਰ ਸ਼੍ਰੀ ਜਗਮੋਹਨ ਅਤੇ ਬਠਿੰਡਾ ਸੇਲਜ਼ ਹੱਬ ਦੇ ਚੀਫ਼ ਮੈਨੇਜ਼ਰ ਸ਼੍ਰੀ ਐਸ.ਕੇ. ਸਿੰਘ ਅਤੇ ਬੀ.ਕੇ ਨੱਡਾ ਤੋਂ ਇਲਾਵਾ ਸਟਾਫ਼ ਆਫ਼ਿਸਰਜ਼ ਐਸ਼ੋਸ਼ੀਏਸ਼ਨ ਵਲੋਂ ਸ਼੍ਰੀ ਲਾਜਪਤ ਰਾਏ ਗੋਇਲ ਅਤੇ ਸ਼੍ਰੀ ਅਸ਼ੋਕ ਗੁਪਤਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।