ਬਟਾਲਾ, 18 ਜਨਵਰੀ 2020 - ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਸੇਵਾ ਦੇ ਖੇਤਰ ਦੀ ਉੱਘੀ ਹਸਤੀ ਦੈਨਿਕ ਪ੍ਰਾਥਾਨਾ ਸਭਾ ਦੇ ਸੰਸਥਾਪਕ ਮਹਾਸ਼ਾ ਗੋਕਲ ਚੰਦ ਜੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਉਨ੍ਹਾਂ ਕੋਲੋਂ ਅਸ਼ੀਰਵਾਦ ਲਿਆ। ਦੈਨਿਕ ਪ੍ਰਾਥਨਾ ਸਭਾ ਦੇ ਦਫ਼ਤਰ ਵਿਖੇ ਪਹੁੰਚੇ ਕੈਬਨਿਟ ਮੰਤਰੀ ਬਾਜਵਾ ਨੇ ਮਹਾਸ਼ਾ ਗੋਕਲ ਚੰਦ ਜੀ ਦਾ ਹਾਲ-ਚਾਲ ਜਾਣਿਆ ਅਤੇ ਉਨ੍ਹਾਂ ਦੇ ਤੰਦਰੁਸਤ ਜੀਵਨ ਦੀ ਕਾਮਨਾ ਕੀਤੀ।
ਕੈਬਨਿਟ ਮੰਤਰੀ ਬਾਜਵਾ ਨੇ ਕਿਹਾ ਕਿ ਮਹਾਸ਼ਾ ਜੀ ਸਾਡੇ ਸਾਰਿਆਂ ਦੇ ਪ੍ਰੇਰਨਾ ਸਰੋਤ ਹਨ ਅਤੇ ਨਿਰ-ਸੁਆਰਥ ਸੇਵਾ ਕਿਸ ਤਰਾਂ ਕਰੀਦੀ ਹੈ ਇਹ ਉਨ੍ਹਾਂ ਤੋਂ ਸਿੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਮਹਾਸ਼ਾ ਗੋਕਲ ਚੰਦ ਜੀ ਦੀ ਸੇਵਾ ਦੇ ਖੇਤਰ ਵਿੱਚ ਬਟਾਲਾ ਵਾਸੀਆਂ ਨੂੰ ਬਹੁਤ ਵੱਡੀ ਦੇਣ ਹੈ ਅਤੇ ਸੇਵਾ ਦੇ ਅਜਿਹੇ ਪੁੰਜ ਕਿਸੇ ਦੇਵਤਾ ਨਾਲੋਂ ਘੱਟ ਨਹੀਂ ਹਨ।
ਬਾਜਵਾ ਨੇ ਕਿਹਾ ਕਿ ਮਹਾਸ਼ਾ ਜੀ ਨੂੰ ਨਮਸਕਾਰ ਕਰਕੇ ਉਨ੍ਹਾਂ ਨੂੰ ਦਿਲੀ ਸਕੂਨ ਮਿਲਣ ਦੇ ਨਾਲ ਹੋਰ ਵੀ ਵੱਧ-ਚੜ੍ਹ ਕੇ ਸੇਵਾ ਕਰਨ ਦੀ ਪ੍ਰੇਰਨਾ ਮਿਲੀ ਹੈ। ਉਨ੍ਹਾਂ ਕਿਹਾ ਕਿ ਦੈਨਿਕ ਪ੍ਰਾਰਥਨਾ ਸਭਾ ਦੇ ਲੋਕ ਪੱਖੀ ਅਤੇ ਜਨ-ਕਲਿਆਣ ਦੇ ਕੰਮਾਂ ਦੀ ਜਿਨੀ ਵੀ ਸਰਾਹਨਾ ਕੀਤੀ ਜਾਵੇ ਘੱਟ ਹੈ ਅਤੇ ਉਹ ਸਭਾ ਦੇ ਸਮੂਹ ਅਹੁਦੇਦਾਰਾਂ ਦੀ ਚੜ੍ਹਦੀਕਲਾ ਦੀ ਅਰਦਾਸ ਕਰਦੇ ਹਨ। ਇਸ ਮੌਕੇ ਸ਼੍ਰੀ ਮਹਾਸ਼ਾ ਗੋਕਲ ਚੰਦ ਜੀ ਨੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਅਸ਼ੀਰਵਾਦ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਕਸਤੂਰੀ ਲਾਲ ਸੇਠ, ਗੌਤਮ ਸੇਠ ਗੁੱਡੂ, ਕੇ ਐੱਲ ਗੁਪਤਾ, ਅਸ਼ੋਕ ਅਗਰਵਾਲ ਡੀਲਕਸ ਸਪੋਰਟਸ, ਡਾ. ਸੋਨੀ, ਬ੍ਰਿਜ ਮਹਨ ਜੋਸ਼ੀ, ਜੇ.ਐੱਨ. ਸ਼ਰਮਾਂ, ਡਾ. ਸਰਬਜੀਤ ਸਿੰਘ, ਸਾਈਂ ਦਾਸ, ਭਨੋਟ ਜੀ, ਸੋਹਨ ਲਾਲ ਸ਼ਰਮਾਂ, ਰਾਜਾ ਗੁਰਬਖਸ਼ ਸਿੰਘ ਅਤੇ ਦੈਨਿਕ ਪ੍ਰਾਰਥਨਾ ਸਭਾ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਵੀ ਹਾਜ਼ਰ ਸਨ।