ਸੰਜੀਵ ਸੂਦ
- ਕਿਹਾ ਪੰਜਾਬ ਦੀ ਮੌਜੂਦਾ ਅਤੇ ਸਾਬਕਾ ਸਰਕਾਰ ਨੇ ਨਹੀਂ ਲਈ ਲੋਕਾਂ ਦੀ ਕੋਈ ਸਾਰ..
ਲੁਧਿਆਣਾ, 18 ਜਨਵਰੀ 2020 - ਜਗਰਾਓਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਸੀਨੀਅਰ ਆਗੂ ਸਰਬਜੀਤ ਕੌਰ ਮਾਣੂਕੇ ਨੇ ਮੋਹਨ ਲਾਲ ਦੇ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਨੂੰ ਲੈ ਕੇ ਦਿੱਤੇ ਬਿਆਨ 'ਤੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਕਾਲੀ ਦਲ ਦਾ ਹੁਣ ਪੂਰੀ ਤਰ੍ਹਾਂ ਖਤਮ ਹੋਣ ਕੰਢੇ ਹੈ। ਇਸ ਕਰਕੇ ਉਸ ਦਾ ਸਾਥ ਭਾਜਪਾ ਛੱਡ ਰਹੀ ਹੈ, ਉਨ੍ਹਾਂ ਕਿਹਾ ਕਿ ਬੇਅਦਬੀਆਂ ਕਾਰਨ ਅਕਾਲੀ ਦਲ ਦਾ ਪੰਜਾਬ ਭਰ 'ਚ ਵਿਰੋਧ ਹੋਇਆ ਹੈ। ਪੰਜਾਬ ਵਿਧਾਨ ਸਭਾ ਦੇ ਵਿੱਚ ਬਿਜਲੀ ਦੇ ਮੁੱਦੇ ਨੂੰ ਲੈ ਕੇ ਅਤੇ ਅਕਾਲੀ ਦਲ ਦੀ ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਦੋਹਰੀ ਰਣਨੀਤੀ 'ਤੇ ਵੀ ਉਨ੍ਹਾਂ ਜੰਮ ਕੇ ਆਪਣੀ ਭੜਾਸ ਕੱਢੀ।
ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਅਕਾਲੀ ਦਲ ਦਾ ਸਾਥ ਸਾਰੇ ਆਗੂ ਛੱਡ ਰਹੇ ਹਨ ਉਹ ਹੁਣ ਖਤਮ ਹੋਣ ਕੰਢੇ ਹੈ ਇਸ ਕਰਕੇ ਭਾਜਪਾ ਇਹ ਜਾਣਦੀ ਹੈ ਕਿ ਪੰਜਾਬ ਦੇ ਵਿੱਚ ਹੁਣ ਲੋਕ ਅਕਾਲੀ ਦਲ ਦੇ ਵਿਰੁੱਧ ਹੋ ਚੁੱਕੇ ਹਨ। ਬਿਜਲੀ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਉਨ੍ਹਾਂ ਮੌਜੂਦਾ ਅਤੇ ਸਾਬਕਾ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਕੀਤੇ ਗਏ ਕਰਾਰ ਤੇ ਕੈਪਟਨ ਸਾਹਿਬ ਵਾਈਟ ਪੇਪਰ ਲਿਆਣ ਦੀ ਗੱਲ ਕਹਿ ਰਹੇ ਹਨ। ਪਰ ਬਿਜਲੀ ਦੀਆਂ ਕੀਮਤਾਂ ਘੱਟ ਕਰਨ ਦੀ ਕੋਈ ਗੱਲ ਨਹੀਂ ਕਹਿ ਰਹੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਹਾਲ ਬੇਹਾਲ ਹੈ ਅਤੇ ਸਰਕਾਰ ਸਿਰਫ ਇਸਦੇ ਲਿੱਪਾ-ਪੋਚੀ ਕਰ ਰਹੀ ਹੈ। ਉਧਰ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੇ ਵਿੱਚ ਨਾਗਰਿਕਤਾ ਸੋਧ ਐਕਟ ਦੇ ਵਿਰੋਧ 'ਚ ਆਪਣੀ ਵੋਟ ਦੇਣ ਦੇ ਮਾਮਲੇ 'ਤੇ ਵੀ ਉਨ੍ਹਾਂ ਕਿਹਾ ਕਿ ਇਹ ਅਕਾਲੀ ਦਲ ਦੀ ਦੋਹਰੀ ਰਾਜਨੀਤੀ ਹੈ ਵੋਟ ਬੈਂਕ ਲਈ ਉਹ ਹਮੇਸ਼ਾ ਧਰਮ ਦੇ ਨਾਂ ਤੇ ਰਾਜਨੀਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਦੇ ਵਿੱਚ ਤਾਂ ਦੋਵੇਂ ਹੱਕ ਦੇ ਵਿੱਚ ਵੋਟ ਪਾ ਕੇ ਆਏ ਨੇ ਪਰ ਜਦੋਂ ਕਿ ਵਿਧਾਨ ਸਭਾ 'ਚ ਆ ਕੇ ਵਿਰੋਧ ਦਾ ਡਰਾਮਾ ਕਰ ਰਹੇ ਹਨ।