← ਪਿਛੇ ਪਰਤੋ
ਤੇਲੰਗਾਨਾ, 18 ਜਨਵਰੀ 2020 - ਅੱਜ ਤੇਲੰਗਨਾ-ਆਂਧਰਾ ਪ੍ਰਦੇਸ਼ ਦੀ ਇਨਕਲਾਬੀ ਲੇਖਕ 'ਵਿਰਾਸਮ: ਰੈਵੋਲਿਊਸ਼ਨਰੀ ਰਾਈਟਰਜ਼ ਐਸੋਸੀਏਸ਼ਨ' ਦੇ ਸਕੱਤਰ ਅਤੇ ਓਸਮਾਨੀਆ ਯੂਨੀਵਰਸਿਟੀ ਦੇ ਤੇਲਗੂ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਕਾਸਿਮ ਨੂੰ ਮਾਓਵਾਦੀਆਂ ਨਾਲ ਕਥਿਤ ਸੰਬੰਧਾਂ ਦੇ ਇਲਜ਼ਾਮ ਵਿੱਚ ਤੇਲੰਗਨਾ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਵਿਰਾਸਮ ਦੇ ਲੇਖਕ, ਕਵੀ ਅਤੇ ਬੁੱਧੀਜੀਵੀ ਸਦਾ ਲੋਕ ਹਿਤਾਂ ਲਈ ਆਵਾਜ਼ ਉਠਾਉਣ ਵਾਲਿਆਂ ਦੀ ਮੋਹਰਲੀ ਕਤਾਰ ਵਿਚ ਰਹਿੰਦੇ ਹਨ। ਇਹ ਗ੍ਰਿਫ਼ਤਾਰੀ ਬੁੱਧੀਜੀਵੀਆਂ ਦੀ ਜ਼ੁਬਾਨਬੰਦੀ ਕਰਨ ਲਈ ਸਟੇਟ ਵੱਲੋਂ ਵਿੱਢੇ ਫਾਸ਼ੀਵਾਦੀ ਹਮਲੇ ਦਾ ਹਿੱਸਾ ਹੈ। ਇਨਕਲਾਬੀ ਕਵੀ ਅਤੇ ਬੁੱਧੀਜੀਵੀ ਪ੍ਰੋਫੈਸਰ ਵਰਾਵਰਾ ਰਾਓ ਪਿਛਲੇ ਇਕ ਸਾਲ ਤੋਂ ਲੈ ਕੇ “ਭੀਮਾ-ਕੋਰੇਗਾਓਂ ਸਾਜ਼ਿਸ਼” ਤਹਿਤ ਜ਼ੇਲ੍ਹ ਵਿੱਚ ਬੰਦ ਹਨ। ਇਸ ਵਕਤ ਜਦੋਂ ਪੂਰੇ ਦੇਸ਼ ਵਿਚ ਆਰ.ਐੱਸ.ਐੱਸ.-ਭਾਜਪਾ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਹਿੰਦੂ ਰਾਸ਼ਟਰ ਦੇ ਫਾਸ਼ੀਵਾਦੀ ਪ੍ਰੋਜੈਕਟ ਵਿਰੁੱਧ ਵਿਆਪਕ ਰੋਹ ਫੈਲਿਆ ਹੋਇਆ ਹੈ ਅਤੇ ਲੱਖਾਂ ਲੋਕ ਦੇਸ਼ ਦੇ ਕੋਨੇ-ਕੋਨੇ ਵਿੱਚ ਸੜਕਾਂ ਉੱਪਰ ਉੱਤਰੇ ਹੋਏ ਹਨ, ਉਦੋਂ ਬੁੱਧੀਜੀਵੀਆਂ ਦੀ ਜ਼ੁਬਾਨਬੰਦੀ ਕਰਨ ਲਈ ਕੀਤੀਆਂ ਜਾ ਰਹੀਆਂ ਗ੍ਰਿਫ਼ਤਾਰੀਆਂ ਪਿੱਛੇ ਕੰਮ ਕਰਦੀ ਮਨਸ਼ਾ ਨੂੰ ਸਮਝਿਆ ਜਾ ਸਕਦਾ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਪ੍ਰੋਫੈਸਰ ਕਾਸਿਮ ਦੀ ਗ੍ਰਿਫ਼ਤਾਰੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਉਹਨਾਂ ਦੀ ਰਿਹਾਈ ਲਈ ਸਮੂਹ ਅਗਾਂਹਵਧੂ ਜਮਹੂਰੀ ਤਾਕਤਾਂ ਨੂੰ ਜ਼ੋਰਦਾਰ ਆਵਾਜ਼ ਉਠਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
Total Responses : 107