ਗੁਰਨਾਮ ਸਿੱਧੂ
ਫਿਰੋਜ਼ਪੁਰ 18 ਜਨਵਰੀ 2020 - ਥਾਣਾ ਤਲਵੰਡੀ ਭਾਈ ਦੀ ਪੁਲਿਸ ਨੇ ਗਸ਼ਤ ਦੌਰਾਨ ਲੋਕਾਂ ਨੂੰ ਅਸਲਾ ਵਿਖਾ ਕੇ ਗੱਡੀਆਂ ਖੋਹਣ ਵਾਲੇ ਤਿੰਨ ਵਿਅਕਤੀਆਂ ਸਮੇਤ 2-3 ਅਣਪਛਾਤਿਆਂ ਖਿਲਾਫ 379-ਬੀ, 411 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸਵੇਰ ਮੇਨ ਚੋਂਕ ਤਲਵੰਡੀ ਭਾਈ ਵਿਖੇ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਉਨ੍ਹਾਂ ਨੂੰ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਨਿਸ਼ਾਨ ਸਿੰਘ ਉਰਫ ਬੱਬੂ ਪੁੱਤਰ ਰੁਲਦੂ ਸਿੰਘ, ਸਤਵੰਤ ਸਿੰਘ ਉਰਫ ਬਾਵਾ ਪੁੱਤਰ ਕ੍ਰਿਪਾਲ ਸਿੰਘ ਵਾਸੀਅਨ ਕੋਟ ਧਰਮਚੰਦ ਜ਼ਿਲ੍ਹਾ ਤਰਨਤਾਰਨ, ਸ਼ਰਨ ਵਾਸੀ ਲਾਲੂ ਘੁੰਮਣ ਜ਼ਿਲ੍ਹਾ ਤਰਨਤਾਰਨ ਵਿਅਕਤੀ ਜੋ ਲੋਕਾਂ ਨੂੰ ਅਸਲਾ ਵਿਖਾ ਕੇ ਗੱਡੀਆਂ ਖੋਹ ਲੈਂਦੇ ਹਨ ਅਤੇ ਅੱਗੇ ਵੇਚਦੇ ਹਨ ਅਤੇ ਤਲਵੰਡੀ ਭਾਈ ਏਰੀਆ ਵਿਚ ਘੁੰਮ ਰਹੇ ਹਨ, ਜੇਕਰ ਇਨ੍ਹਾਂ ਨੂੰ ਕਾਬੂ ਕੀਤਾ ਜਾਵੇ ਤਾਂ ਇਨ੍ਹਾਂ ਕੋਲੋਂ ਲੁੱਟ ਖੋਹ ਦੀਆਂ ਗੱਡੀਆਂ ਬਰਾਮਦ ਹੋ ਸਕਦੀਆਂ ਹਨ। ਪੁਲਿਸ ਨੇ ਦੱਸਿਆ ਕਿ ਜਦ ਉਨ੍ਹਾਂ ਵੱਲੋਂ ਛਾਪੇਮਾਰੀ ਕੀਤੀ ਗਈ ਤਾਂ ਉਥੋਂ ਕੋਈ ਬਰਾਮਦਗੀ ਨਹੀਂ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਸਮੇਤ 2-3 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।