ਗੁਰਨਾਮ ਸਿੱਧੂ
ਫਿਰੋਜ਼ਪੁਰ, 18 ਜਨਵਰੀ 2020 - ਫਿਰੋਜ਼ਪੁਰ ਦੇ ਪਿੰਡ ਚੱਬਾ ਵਿਖੇ ਜ਼ਮੀਨ ਵਿਚ ਰੇਤਾ ਦੀ ਨਾਜਾਇਜ਼ ਨਿਕਾਸੀ ਕਰਨ ਵਾਲਿਆਂ ਨੇ ਪੁਲਿਸ ਦੀ ਡਿਊਟੀ ਵਿਚ ਵਿਘਨ ਪਾਉਣ ਅਤੇ ਗਲ ਪੈਣ ਦੇ ਦੋਸ਼ ਵਿਚ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਸਮੇਤ 4-5 ਅਣਪਛਾਤੇ ਵਿਅਕਤੀਆਂ ਖਿਲਾਫ 186, 353, 506, 148, 149, 379 ਆਈਪੀਸੀ, 2 (3) ਮਾਈਨਿੰਗ ਐਂਡ ਮਿਨਰਲ ਐਕਟ 1957 ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਏਐੱਸਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਪਿੰਡ ਚੱਬਾ ਵਿਖੇ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਦੋਸ਼ੀ ਨਿਰਵੇਲ ਸਿੰਘ ਉਰਫ ਨੋਲੀ ਪੁੱਤਰ ਜਲੰਧਰ ਸਿੰਘ ਆਪਣੀ ਜ਼ਮੀਨ ਵਿਚੋਂ ਰੇਤਾ ਦਾ ਨਾਜਾਇਜ਼ ਖੱਡਾ ਲਾ ਕੇ ਰੇਤਾ ਦੀ ਨਿਕਾਸੀ ਕਰ ਰਹੇ ਸੀ। ਜਾਂਚਕਰਤਾ ਨੇ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ੀ ਨੂੰ ਕਿਹਾ ਕਿ ਤੁਸੀਂ ਗੈਰ ਕਾਨੂੰਨੀ ਨਿਕਾਸੀ ਕਿਉਂ ਕਰ ਰਹੇ ਹੋ ਤਾਂ ਇਸ ਦੌਰਾਨ ਦੋਸ਼ੀ ਨਿਰਵੈਲ ਸਿੰਘ, ਗੁਰਲਾਭ ਸਿੰਘ ਉਰਫ ਭਾਲਾ ਪੁੱਤਰ ਗੁਰਨਾਮ ਸਿੰਘ, ਗੁਰਵਿੰਦਰ ਸਿੰਘ ਉਰਫ ਗੁੱਜਰ ਪੁੱਤਰ ਸੋਭਾ ਸਿੰਘ ਵਾਸੀਅਨ ਪਿੰਡ ਚੱਬਾ ਨੇ ਬੇਸਬਾਲ, ਕਾਪਾ ਆਦਿ ਮਾਰੂ ਹਥਿਆਰਾਂ ਸਮੇਤ ਮੋਟਰਸਾਈਕਲ ਨੰਬਰ ਪੀਬੀ 29 ਵਾਈ 5244 'ਤੇ ਆਏ ਤੇ ਪੁਲਿਸ ਪਾਰਟੀ ਨਾਲ ਹੱਥੋਪਾਈ ਹੋਣ ਲੱਗ ਪਏ ਤੇ ਧੱਕੇ ਮਾਰ ਕੇ ਜਬਰਦਸਤੀ ਟਰੈਕਟਰ ਸਵਰਾਜ 855 ਸਮੇਤ ਟਰਾਲੀ ਰੇਤਾ ਨਾਲ ਭਰੀ ਹੋਈ ਭਜਾ ਕੇ ਲੈ ਗਏ ਅਤੇ ਸਾਰੇ ਦੋਸ਼ੀ ਮੌਕੇ ਤੋਂ ਹਥਿਆਰਾਂ ਸਮੇਤ ਫਰਾਰ ਹੋ ਗਏ। ਇਸ ਤਰ੍ਹਾਂ ਦੋਸ਼ੀਆਂ ਨੇ ਪੁਲਿਸ ਕਰਮਚਾਰੀਆਂ ਦੀ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ ਤੇ ਪੁਲਿਸ ਪਾਰਟੀ ਨਾਲ ਧੱਕਾ ਕੀਤਾ ਤੇ ਨਾਜਾਇਜ਼ ਰੇਤਾ ਦੀ ਨਿਕਾਸੀ ਕੀਤੀ। ਜਾਂਚਕਰਤਾ ਨੇ ਦੱਸਿਆ ਕਿ ਪੁਲਿਸ ਨੇ ਨਿਰਵੈਲ ਸਿੰਘ, ਗੁਰਲਾਭ ਸਿੰਘ, ਗੁਰਵਿੰਦਰ ਸਿੰਘ ਅਤੇ 4-5 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।