← ਪਿਛੇ ਪਰਤੋ
ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ/ਰੂਪਨਗਰ, 18 ਜਨਵਰੀ 2020 - ਪੰਜਾਬ ਸਰਕਾਰ ਵੱਲੋਂ ਚੰਗਰ ਦੀ ਲਿਫਟ ਇਰੀਗੇਸ਼ਨ ਸਕੀਮ ਲਈ 75 ਕਰੋੜ ਰੁਪਏ ਮਨਜੂਰ ਕੀਤੇ ਜਾ ਚੁੱਕੇ ਹਨ। ਇਸ ਕੰਮ ਵਿੱਚ ਆਏ ਤਕਨੀਕੀ ਅੜੀਕੇ ਜਲਦੀ ਦੂਰ ਕਰਕੇ ਇਸ ਪ੍ਰੋਜੈਕਟ ਨੂੰ ਨੇਪਰੇ ਚਾੜਿਆ ਜਾਵੇਗਾ। ਜਿਸ ਨਾਲ ਚੰਗਰ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਪੱਕੇ ਤੌਰ 'ਤੇ ਨਿਜਾਤ ਮਿਲ ਜਾਵੇਗੀ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਪਿੰਡ ਲਖੇੜ ਵਿੱਚ ਅਯੋਜਿਤ ਛਿੰਝ ਮੇਲੇ ਦੇ ਜੇਤੂਆਂ ਨੂੰ ਇਨਾਮ ਵੰਡਣ ਉਪਰੰਤ ਇਲਾਕੇ ਦੇ ਲੋਕਾਂ ਦੇ ਇਕ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਲਿਫਟ ਇਰੀਗੇਸ਼ਨ ਦੇ ਕੰਮ ਵਿੱਚ ਜੰਗਲਾਤ ਵਿਭਾਗ ਦੀ ਜਮੀਨ ਦੀ ਜੋ ਤਕਨੀਕੀ ਅੜਚਨ ਆਈ ਹੈ ਉਸਨੂੰ ਨਿਯਮਾਂ ਅਨੁਸਾਰ ਦੂਰ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਕਰੋੜਾਂ ਰੁਪਏ ਦੀ ਇਸ ਯੋਜਨਾ ਦਾ ਲਾਭ ਸਥਾਨਕ ਲੋਕਾਂ ਨੂੰ ਮਿਲੇਗਾ। ਰਾਣਾ ਕੇ ਪੀ ਸਿੰਘ ਨੇ ਪਿੰਡਾਂ ਵਿੱਚ ਹੋਣ ਵਾਲੇ ਖੇਡ ਮੇਲਿਆਂ ਅਤੇ ਸਭਿਆਚਾਰਕ ਗਤੀਵਿਧੀਆਂ ਦੀ ਜੋਰਦਾਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਤੰਦਰੁਸ਼ਤ ਸਮਾਜ ਦੀ ਸਿਰਜਣਾ ਵਿੱਚ ਅਜਿਹੇ ਛਿੰਝ ਮੇਲਿਆਂ ਦਾ ਮਹੱਤਵਪੂਰਨ ਯੋਗਦਾਨ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਅਜਿਹੇ ਖੇਡ ਮੇਲਿਆ ਨੂੰ ਉਤਸਾਹਿਤ ਕਰਨ ਲਈ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਪਿੰਡਾਂ ਦੇ ਖੇਡ ਮੈਦਾਨਾ ਵਿੱਚ ਮੁੜ ਰੋਣਕਾਂ ਪਰਤ ਆਈਆਂ ਹਨ। ਨੋਜਵਾਨ ਖੇਡ ਮੇਲਿਆ ਵਿੱਚ ਪੂਰਾ ਯੋਗਦਾਨ ਪਾ ਰਹੇ ਹਨ। ਪਿੰਡਾ ਦੀਆ ਪੰਚਾਇਤਾਂ ਅਤੇ ਸਮਾਜ ਸੇਵੀ ਕਲੱਬ ਵੀ ਇਹਨਾਂ ਖੇਡ ਮੇਲਿਆ ਵਿੱਚ ਆਪਣਾ ਭਰਭੂਰ ਯੋਗਦਾਨ ਪਾ ਰਹੇ ਹਨ। ਉਹਨਾਂ ਨੇ ਖਿਡਾਰੀਆ ਨੂੰ ਮਿਲ ਕੇ ਉਤਸ਼ਾਹ ਨਾਲ ਖੇਡ ਮੇਲਿਆਂ ਵਿੱਚ ਭਾਗ ਲੈਣ ਦੀ ਪ੍ਰਸੰਸਾ ਕੀਤੀ ਅਤੇ ਗਰਾਮ ਪੰਚਾਇਤ ਲਖੇੜ ਵਲੋਂ ਕਰਵਾਏ ਇਸ ਖੇਡ ਮੇਲੇ ਲਈ ਵਧਾਈ ਦਿੱਤੀ। ਉਹਨਾਂ ਇਸ ਮੋਕੇ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ ਅਤੇ ਪਿੰਡ ਵਿੱਚ ਵਿਕਾਸ ਕਾਰਜਾਂ ਦਾ ਜਾਇਜਾ ਵੀ ਲਿਆ।
Total Responses : 108