ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਦਾ ਨੂਰਪੁਰ ਬੇਦੀ ਦੀ ਪੰਚਾਇਤ ਤੇ ਸੰਘਰਸ਼ ਕਮੇਟੀ ਨੇ ਕੀਤਾ ਘਿਰਾਓ
ਹਰੀਸ਼ ਕਾਲੜਾ
ਨੂਰਪੁਰ ਬੇਦੀ, 18 ਜਨਵਰੀ, 2020 : ਰੂਪਨਗਰ ਜ਼ਿਲ੍ਹੇ ਦੇ ਬਲਾਕ ਨੂਰਪੁਰਬੇਦੀ ਵਿਖੇ ਅੱਜ ਪੰਜਾਬ ਯੂਥ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦਾ ਗ੍ਰਾਮ ਪੰਚਾਇਤ ਅਤੇ ਇਲਾਕਾ ਸੰਘਰਸ਼ ਕਮੇਟੀ ਵੱਲੋਂ ਘਿਰਾਓ ਕੀਤਾ ਗਿਆ । ਜਿਕਰ ਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਨੂਰਪੁਰਬੇਦੀ- ਰੂਪਨਗਰ ਮਾਰਗ ਮੁੱਖ ਮਾਰਗ ਤੇ ਡਿਵਾਈਡਰ ਲਗਾਏ ਜਾਣ ਨੂੰ ਲੈ ਕੇ ਸਥਾਨਕ ਦੁਕਾਨਦਾਰਾਂ ਅਤੇ ਪਿੰਡ ਪੰਚਾਇਤ 'ਚ ਤਕਰਾਰਬਾਜ਼ੀ ਚੱਲ ਰਹੀ ਸੀ । ਨੂਰਪੁਰ ਬੇਦੀ ਦੀ ਗਰਾਮ ਪੰਚਾਇਤ ਅਤੇ ਇਲਾਕਾ ਸੰਘਰਸ਼ ਕਮੇਟੀ ਚਾਹੁੰਦੀ ਸੀ ਕਿ ਮੁੱਖ ਸੜਕ ਵਿੱਚ ਡਿਵਾਈਡਰ ਲਗਾਇਆ ਜਾਵੇ । ਜਦਕਿ ਕੁਝ ਦੁਕਾਨਦਾਰ ਇਸ ਡਿਵਾਈਡਰ ਦੇ ਲਗਾਏ ਜਾਣ ਦੇ ਵਿਰੋਧ ਵਿੱਚ ਖੜ੍ਹੇ ਸਨ ।
ਗ੍ਰਾਮ ਪੰਚਾਇਤ ਅਤੇ ਇਲਾਕਾ ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ ਮੁੱਖ ਸੜਕ ਵਿੱਚ ਡਿਵਾਈਡਰ ਲੱਗਣ ਨਾਲ ਜਿੱਥੇ ਆਵਾਜਾਈ ਵਿੱਚ ਸੁਧਾਰ ਹੋਵੇਗਾ ਉੱਥੇ ਦੁਰਘਟਨਾਵਾਂ ਵੀ ਘਟਣਗੀਆਂ ਜਦਕਿ ਦੂਜੇ ਪਾਸੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਡਿਵਾਈਡਰ ਲੱਗਣ ਨਾਲ ਜਿੱਥੇ ਸ਼ਹਿਰ ਵਿੱਚ ਜਾਮ ਵਧਣਗੇ ਉੱਥੇ ਉਨ੍ਹਾਂ ਦੀ ਦੁਕਾਨਦਾਰੀ ਵੀ ਫੇਲ੍ਹ ਹੋਵੇਗੀ । ਇਹਨਾਂ ਦੁਕਾਨਦਾਰਾਂ ਦੇ ਵਿਰੋਧ ਕਾਰਨ ਬੀਤੇ ਦਿਨੀਂ ਸੜਕ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਡਿਵਾਈਡਰ ਨੂੰ ਬਣਾਉਣਾ ਬੰਦ ਕਰ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਗ੍ਰਾਮ ਪੰਚਾਇਤ ਅਤੇ ਇਲਾਕਾ ਸੰਘਰਸ਼ ਕਮੇਟੀ ਸਰਗਰਮ ਹੋ ਗਈ । ਜਾਣਕਾਰੀ ਅਨੁਸਾਰ ਐਕਸੀਅਨ.ਪੀ.ਡਬਲਿਊ.ਡੀ ਵੱਲੋਂ ਅੱਜ ਦੁਬਾਰਾ ਇਸ ਡਿਵਾਈਡਰ ਨੂੰ ਬਣਾਏ ਜਾਣ ਦੇ ਆਦੇਸ਼ ਦਿੱਤੇ ਗਏ ਸਨ । ਜਿਸ ਨੂੰ ਸਬੰਧਿਤ ਠੇਕੇਦਾਰ ਵੱਲੋਂ ਸਖ਼ਤ ਪੁਲਿਸ ਪਹਿਰੇ 'ਚ ਡਿਵਾਈਡਰ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ । ਪਰ ਸ਼ਹਿਰ ਦੇ ਕੁਝ ਦੁਕਾਨਦਾਰਾਂ ਵੱਲੋਂ ਇਸ ਦਾ ਰੋਸ ਪ੍ਰਗਟ ਕੀਤਾ ਗਿਆ ਅਤੇ ਬਰਿੰਦਰ ਸਿੰਘ ਢਿੱਲੋਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਦਾ ਗਿਆ ।ਜਿਸ ਨੂੰ ਲੈ ਕੇ ਨੂਰਪੁਰ ਬੇਦੀ ਵਿਖੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਆਏ ਅਤੇ ਉਨ੍ਹਾਂ ਨੇ ਇਸ ਡਿਵਾਈਡਰ ਦਾ ਕੰਮ ਰੁਕਵਾ ਦਿੱਤਾ । ਜਿਵੇਂ ਹੀ ਇਹ ਖ਼ਬਰ ਗ੍ਰਾਮ ਪੰਚਾਇਤ ਨੂਰਪੁਰਬੇਦੀ ਅਤੇ ਇਲਾਕਾ ਸੰਘਰਸ਼ ਕਮੇਟੀ ਨੂੰ ਪੁੱਜੀ ਤਾਂ ਉਨ੍ਹਾਂ ਨੇ ਇਕੱਠ ਹੋਕੇ ਬਰਿੰਦਰ ਸਿੰਘ ਢਿੱਲੋਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ।ਉਨ੍ਹਾਂ ਨੇ ਬੱਸ ਸਟੈਡ ਨੂਰਪੁਰ ਬੇਦੀ ਦੇ ਅੱਗੇ ਬਰਿੰਦਰ ਢਿੱਲੋਂ ਦੀઠਗੱਡੀ ਦਾ ਘਿਰਾਓ ਵੀ ਕੀਤਾ ਅਤੇ ਉਸ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਵੀ ਕੀਤੀ । ਮਾਮਲਾ ਗੰਭੀਰ ਹੁੰਦਾ ਦੇਖਦੇ ਹੋਏ ਨੂਰਪੁਰ ਬੇਦੀ ਪੁਲਿਸ ਨੇ ਰੂਪਨਗਰ ਦੀ ਹੋਰ ਪੁਲਸ ਨੂੰ ਵੀ ਬੁਲਾ ਲਈ । ਬਰਿੰਦਰ ਢਿੱਲੋਂ ਦੇ ਘਿਰਾਓ ਕਾਰਨ ਨੂਰਪੁਰ ਬੇਦੀ ਵਿਖੇ ਕਾਫੀ ਦੇਰ ਟ੍ਰੈਫਿਕ ਜਾਮ ਲੱਗਾ ਰਿਹਾ ਜਿਸ ਨਾਲ ਬਹੁਤ ਸਾਰੇ ਯਾਤਰੀ ਵੀ ਪ੍ਰੇਸ਼ਾਨ ਹੋਏ ।ਪੁਲਿਸ ਵੱਲੋਂ ਕਾਫ਼ੀ ਜੱਦੋ ਜਹਿਦ ਬਾਅਦ ਬਰਿੰਦਰ ਸਿੰਘ ਢਿੱਲੋਂ ਨੂੰ ਘਿਰਾਓ ਤੋਂ ਬਾਹਰ ਕੱਢਿਆ । ਜਾਣਕਾਰੀ ਅਨੁਸਾਰ ਬਾਅਦ ਵਿੱਚ ਗ੍ਰਾਮ ਪੰਚਾਇਤ ਅਤੇ ਇਲਾਕਾ ਸੰਘਰਸ਼ ਕਮੇਟੀ ਵੱਲੋਂ ਪੁਲਿਸ ਥਾਣਾ ਨੂਰਪੁਰ ਬੇਦੀ ਵਿਖੇ ਇਕ ਸ਼ਿਕਾਇਤ ਵੀ ਦਿੱਤੀ ਗਈ ਜਿਸ ਵਿੱਚ ਉਨ੍ਹਾਂ ਨੇ ਬਰਿੰਦਰ ਸਿੰਘ ਢਿੱਲੋਂ ਖਿਲਾਫ ਡਿਵਾਈਡਰ ਤੋੜੇ ਜਾਣ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ । ਇਸ ਮੌਕੇ ਪ੍ਰਧਾਨ ਇਲਾਕਾ ਸੰਘਰਸ਼ ਕਮੇਟੀ ਗੁਰਨੈਬ ਸਿੰਘ ਜੇਤੇਵਾਲ,ਸੰਜੂ ਬਾਂਸਲ, ਗੋਰਵ ਕਾਲੜਾ,ਮੋਹਣ ਪੰਚ,ਰਸਪਾਲ ਸਿੰਘ,ਐਡਵੋਕੇਟ ਮੁਨੀਸ਼ ਪੁਰੀ,ਪਿੰਡ ਦੇ ਲੋਕ ਅਤੇ ਦੂਜੀ ਧਿਰ ਦੇ ਵਿਅਕਤੀ ਹਾਜ਼ਰ ਸਨ ।