ਡਿਪਟੀ ਕਮਿਸ਼ਨਰ ਨੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਰੌਸ਼ਨ ਗਰਾਊਂਡ 'ਚ ਕੀਤਾ ਉਦਘਾਟਨ
ਹਰ ਐਤਵਾਰ ਸਵੇਰੇ 10 ਵਜੇ ਤੋਂ 1 ਵਜੇ ਤੱਕ ਲੱਗੇਗੀ ਮੰਡੀ
ਸਰਟੀਫਾਈਡ ਕਿਸਾਨ ਹੀ ਵੇਚ ਸਕਣਗੇ ਵਸਤਾਂ
ਅੰਮ੍ਰਿਤ ਪਾਲ ਬਰਾੜ
ਹੁਸ਼ਿਆਰਪੁਰ, 18 ਜਨਵਰੀ, 2020 :
'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਰਸਾਇਣ-ਮੁਕਤ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਬੜਾਵਾ ਦੇਣ ਅਤੇ ਆਮ ਜਨਤਾ ਨੂੰ ਸ਼ੁੱਧ ਫਲ, ਸਬਜ਼ੀਆਂ ਅਤੇ ਹੋਰ ਵਸਤਾਂ ਮੁਹੱਈਆ ਕਰਵਾਉਣ ਲਈ ਜ਼ਿਲਾ ਪ੍ਰਸ਼ਾਸ਼ਨ ਵਲੋਂ 'ਸੇਫ ਫੂਡ ਮੰਡੀ' ਦੀ ਸ਼ੁਰੂਆਤ ਕਰਕੇ ਇਕ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਵਲੋਂ ਅੱਜ ਰੌਸ਼ਨ ਗਰਾਊਂਡ ਹੁਸ਼ਿਆਰਪੁਰ ਵਿਖੇ 'ਸੇਫ ਫੂਡ ਮੰਡੀ' ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਈਸ਼ਾ ਕਾਲੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜ਼ਿਲੇ ਵਿੱਚ ਜ਼ਹਿਰ-ਮੁਕਤ/ਰਸਾਇਣ ਮੁਕਤ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਉਤਸ਼ਹਿਤ ਕਰਨ ਅਤੇ ਸਵੈ-ਮੰਡੀਕਰਨ ਦੀ ਸੁਵਿਧਾ ਮੁਹੱਈਆ ਕਰਵਾਉਣ ਲਈ 'ਸੇਫ ਫੂਡ ਮੰਡੀ' ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਮੰਡੀ ਰਾਹੀਂ ਆਮ ਜਨਤਾ ਤੱਕ ਰਸਾਇਣ ਰਹਿਤ ਆਰਗੈਨਿਕ ਖੇਤੀਬਾੜੀ ਉਤਪਾਦਾਂ ਨੂੰ ਵਾਜਿਬ ਰੇਟਾਂ 'ਤੇ ਮੁਹੱਈਆ ਕਰਵਾਇਆ ਜਾ ਸਕੇਗਾ।
ਉਨਾਂ ਕਿਹਾ ਕਿ ਹਰ ਐਤਵਾਰ ਸਵੇਰੇ 10 ਵਜੇ ਤੋਂ 1 ਵਜੇ ਤੱਕ ਇਹ ਮੰਡੀ ਲੱਗਿਆ ਕਰੇਗੀ, ਜਿਸ ਵਿੱਚ ਜ਼ਿਲੇ ਦੇ ਸਰਟੀਫਾਈਡ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨ ਹੀ ਆਪਣੀਆਂ ਵਸਤਾਂ ਸਟਾਲ ਲਗਾ ਕੇ ਸਿੱਧੇ ਤੌਰ 'ਤੇ ਗਾਹਕਾਂ ਨੂੰ ਵੇਚ ਸਕਣਗੇ। ਉਨਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਜ਼ਿਲੇ ਦੇ ਕਈ ਕਿਸਾਨ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਵਲੋਂ ਆਰਗੈਨਿਕ ਖੇਤੀ ਸਰਟੀਫਿਕੇਟ ਹਾਸਲ ਕਰ ਚੁੱਕੇ ਹਨ। ਉਨਾਂ ਕਿਹਾ ਕਿ ਹੁਸ਼ਿਆਰਪੁਰ ਵਿਖੇ ਇਹ ਨਿਵੇਕਲੀ ਮੰਡੀ ਹੋਵੇਗੀ, ਜਿਥੇ ਰਸਾਇਣ ਮੁਕਤ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਿਰਫ ਸਰਟੀਫਾਈਡ ਕਿਸਾਨਾਂ ਨੂੰ ਹੀ ਆਪਣੀਆਂ ਵਸਤਾਂ ਵੇਚਣ ਦੀ ਆਗਿਆ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵਲੋਂ ਹੁਸ਼ਿਆਰਪੁਰ ਵਿਖੇ ਕਿਸਾਨ ਹੱਟ ਵੀ ਚਲਾਈ ਜਾ ਰਹੀ ਹੈ ਅਤੇ ਹੁਣ ਆਤਮਾ ਸਕੀਮ ਅਧੀਨ ਇਸ 'ਸੇਫ ਫੂਡ ਮੰਡੀ' ਦੀ ਸ਼ੁਰੂਆਤ ਕੀਤੀ ਗਈ ਹੈ। ਉਨਾਂ ਕਿਹਾ ਕਿ ਜਲਦੀ ਹੀ ਸਬ-ਡਵੀਜ਼ਨ ਪੱਧਰ 'ਤੇ ਵੀ ਅਜਿਹੇ ਉਪਰਾਲੇ ਕੀਤੇ ਜਾਣਗੇ, ਤਾਂ ਜੋ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਪ੍ਰਮੋਟ ਕਰਨ ਦੇ ਨਾਲ-ਨਾਲ ਜ਼ਿਲਾ ਵਾਸੀਆਂ ਨੂੰ ਰਸਾਇਣ ਰਹਿਤ ਵਸਤਾਂ ਉਪਲਬੱਧ ਕਰਵਾਈਆਂ ਜਾ ਸਕਣ।
ਉਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਕਿਸਾਨ ਰਸਾਇਣ ਮੁਕਤ ਕੁਦਰਤੀ ਖੇਤੀ ਕਰਦੇ ਹਨ, ਉਹ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਕਰਕੇ ਆਪਣੀਆਂ ਵਸਤਾਂ 'ਸੇਫ ਫੂਡ ਮੰਡੀ' ਵਿਖੇ ਵੇਚ ਸਕਦੇ ਹਨ। ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜ਼ਿਲਾ ਪ੍ਰਸ਼ਾਸ਼ਨ ਵਲੋਂ ਜ਼ਿਲੇ ਨੂੰ ਪੋਲੀਥੀਨ ਕੈਰੀਬੈਗ ਫਰੀ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ, ਇਸ ਲਈ ਮੰਡੀ ਵਿੱਚ ਆਪਣੇ ਘਰ ਤੋਂ ਵਾਤਾਵਰਣ ਅਨੁਕੂਲ ਕੈਰੀ ਬੈਗ ਹੀ ਲਿਆਂਦਾ ਜਾਵੇ, ਨਾ ਕਿ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਕੀਤੀ ਜਾਵੇ।
ਈਸ਼ਾ ਕਾਲੀਆ ਨੇ ਕਿਸਾਨਾਂ ਨੂੰ ਫਸਲੀ ਚੱਕਰ ਵਿਚੋਂ ਨਿਕਲਕੇ ਬਦਲਵੀਂ ਖੇਤੀ ਕਰਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਆਰਥਿਕ ਸਥਿਤੀ ਹੋਰ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਸਹਾਇਕ ਧੰਦੇ ਵੀ ਅਪਣਾਏ ਜਾਣ। ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੀਆਂ ਸਿਫਾਰਿਸ਼ਾਂ ਅਨੁਸਾਰ ਹੀ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਕੀਤੀ ਜਾਵੇ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੈ ਕੁਮਾਰ, ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਮਨਿੰਦਰ ਸਿੰਘ ਬੌਂਸ, ਡਾ. ਸੁਰਿੰਦਰ ਸਿੰਘ, ਡਾ. ਅਰੁਣ ਸ਼ਰਮਾ, ਅਵਤਾਰ ਸਿੰਘ ਤੋਂ ਇਲਾਵਾ ਹੋਰ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।
ਉਧਰ ਅੱਜ ਪਹਿਲੇ ਦਿਨ ਆਈ.ਐਫ.ਏ ਦੇ ਪ੍ਰਧਾਨ ਅਤੇ ਅਗਾਂਹਵਧੂ ਕਿਸਾਨ ਜਸਵਿੰਦਰ ਸਿੰਘ ਧਾਮੀ ਛਾਉਣੀ ਕਲਾਂ, ਰੇਸ਼ਮ ਸਿੰਘ, ਨਰਿੰਦਰ ਸਿੰਘ, ਕਰਨੈਲ ਸਿੰਘ, ਤਰਸੇਮ ਸਿੰਘ, ਸੰਜੀਵ ਕੁਮਾਰ, ਅਮਰੀਕ ਸਿੰਘ ਅਤੇ ਅਗਾਂਹਵਧੂ ਕਿਸਾਨ ਤਨਵੀਰ ਕੁਮਾਰ ਵਲੋਂ ਆਰਗੈਨਿਕ ਸਬਜ਼ੀਆਂ, ਆਟਾ, ਦਾਲਾਂ,ਤੇਲ, ਗੁੜ-ਸ਼ੱਕਰ, ਦੁੱਧ ਉਤਪਾਦ, ਫਲ ਅਤੇ ਵਰਮੀ ਕੰਪੋਸਟ ਦੀ ਵਿਕਰੀ ਕੀਤੀ ਗਈ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਆਮ ਜਨਤਾ ਵਲੋਂ ਕਿਸਾਨਾਂ ਦੀਆਂ ਰਸਾਇਣ ਮੁਕਤ ਵਸਤਾਂ ਬੜੀ ਰੁਚੀ ਨਾਲ ਖਰੀਦੀਆਂ ਗਈਆਂ।