ਟੋਲ ਬੈਰੀਅਰ ਤੇ ਖੜ੍ਹੀਆਂ ਕਾਰਾਂ ਦਾ ਦ੍ਰਿਸ਼
ਜਗਦੀਸ਼ ਥਿੰਦ
ਫਾਜ਼ਿਲਕਾ , 19 ਜਨਵਰੀ :
19 ਜਨਵਰੀ ਦੀ ਸਵੇਰ ਨੂੰ ਉਸ ਵਕਤ ਫਿਰੋਜ਼ਪੁਰ - ਫਾਜ਼ਿਲਕਾ ਸੜਕ ਉੱਪਰ ਟ੍ਰੈਫਿਕ ਸਮੱਸਿਆ ਖੜ੍ਹੀ ਹੋ ਗਈ ਜਦੋਂ ਅਧਿਆਪਕ ਯੋਗਤਾ ਟੈਸਟ ਵਿੱਚ ਬੈਠਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਅਧਿਆਪਕ ਪ੍ਰੀਖਿਆ ਕੇਂਦਰਾਂ ਵੱਲ ਨਿਕਲੇ ਤਾਂ ਟੋਲ ਪਲਾਜ਼ਾ ਨਾਕਿਆਂ ਉਪਰ ਲੰਮੀਆਂ ਕਤਾਰਾਂ ਲੱਗ ਗਈਆਂ ।
ਇਸ ਸੜਕ ਉੱਪਰ ਦੋ ਟੋਲ ਬੈਰੀਅਰ ਹਨ । ਪੰਜਾਬ ਸਿੱਖਿਆ ਵਿਭਾਗ ਵੱਲੋਂ ਲਈ ਜਾ ਰਹੀ ਪ੍ਰੀਖਿਆ ਦੇ ਜ਼ਿਲ੍ਹਾ ਫਾਜ਼ਿਲਕਾ ਨਾਲ ਸਬੰਧਤ ਬੇਰੁਜ਼ਗਾਰ ਅਧਿਆਪਕਾਂ ਲਈ ਫਿਰੋਜ਼ਪੁਰ ਪ੍ਰੀਖਿਆ ਕੇਂਦਰ ਬਣੇ ਹਨ ਅਤੇ ਇਸੇ ਤਰ੍ਹਾਂ ਹੀ ਫ਼ਿਰੋਜ਼ਪੁਰ ਦੇ ਅਧਿਆਪਕਾਂ ਨੇ ਫ਼ਾਜ਼ਿਲਕਾ ਵਿਖੇ ਬਣੇ ਪ੍ਰੀਖਿਆ ਕੇਂਦਰਾਂ ਵਿੱਚ ਪ੍ਰੀਖਿਆ ਦੇਣੀ ਹੈ ।
ਫ਼ਾਜ਼ਿਲਕਾ ਅੰਦਰ ਬਣੇ 12 ਪ੍ਰੀਖਿਆ ਕੇਂਦਰਾਂ ਵਿੱਚ 12788 ਅਧਿਆਪਕਾਂ ਨੇ ਟੈਸਟ ਲਈ ਬੈਠਣਾ ਹੈ ਅਤੇ ਕਰੀਬ ਏਨੀ ਗਿਣਤੀ ਅਧਿਆਪਕ ਫਿਰੋਜ਼ਪੁਰ ਦੇ ਕੇਂਦਰਾਂ ਵਿੱਚ ਬੈਠਣ ਲਈ ਨਿਕਲੇ ।
ਕੁਝ ਅਧਿਆਪਕਾਂ ਕੋਲ ਆਪਣੀਆਂ ਕਾਰਾਂ ਜੀਪਾਂ ਹਨ ਤਾਂ ਕਈ ਸਾਂਝੇ ਤੌਰ ਤੇ ਕਿਰਾਏ ਵਾਲੇ ਵਹੀਕਲ ਬਣਾ ਕੇ ਪ੍ਰੀਖਿਆ ਕੇਂਦਰਾਂ ਵੱਲ ਜਾ ਰਹੇ ਸਨ ।
ਟੋਲ ਨਾਕਿਆਂ ਉੱਪਰ ਚਾਰ ਤੋਂ ਪੰਜ ਕਿਲੋਮੀਟਰ ਲੰਬੀਆਂ ਕਤਾਰਾਂ ਲੱਗਣ ਤੇ ਇਹ ਮਾਮਲਾ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਦੇ ਧਿਆਨ ਵਿੱਚ ਆਇਆ ।
ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਮਨਪ੍ਰੀਤ ਸਿੰਘ ਛੱਤਵਾਲ ਨੇ ਇਸ ਸਬੰਧੀ ਫੌਰੀ ਐਕਸ਼ਨ ਲੈਂਦਿਆਂ ਆਦੇਸ਼ ਜਾਰੀ ਕੀਤੇ ਕਿ ਪ੍ਰੀਖਿਆ ਵਿੱਚ ਬੈਠਣ ਲਈ ਜਾ ਰਹੇ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਦੇਖ ਕੇ ਕਾਰਾਂ ਜੀਪਾਂ ਨੂੰ ਲੰਘਣ ਦਿੱਤਾ ਜਾਵੇ ।
ਇਸ ਸਬੰਧੀ ਟੋਲ ਪਲਾਜ਼ਾ ਉੱਪਰ ਸਿਵਲ ਅਤੇ ਪੁਲਸ ਦੇ ਮੁਲਾਜ਼ਮ ਵੀ ਤਾਇਨਾਤ ਕਰ ਦਿੱਤੇ ਗਏ ।
ਇਸ ਸਬੰਧੀ ਅਧਿਆਪਕ ਆਗੂ ਦੀਪਕ ਕੰਬੋਜ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਜੇਕਰ ਅਜਿਹਾ ਨਾ ਹੁੰਦਾ ਤਾਂ ਪ੍ਰੀਖਿਆਰਥੀਆਂ ਵੱਲੋਂ ਹਾਜ਼ਰੀ ਦੇਣ ਦਾ 9.15 ਸਵੇਰ ਵਜੇ ਦਾ ਸਮਾਂ ਲੰਘ ਜਾਣਾ ਸੀ ਜਿਸ ਨਾਲ ਅਨੇਕਾਂ ਬੇਰੁਜ਼ਗਾਰ ਅਧਿਆਪਕਾਂ ਦਾ ਭਵਿੱਖ ਪ੍ਰਭਾਵਤ ਹੋ ਜਾਂਦਾ ।