ਵਿਦੇਸ਼ 'ਚ ਫਸਿਆ ਪੁੱਤ ਰੋ ਰਿਹੈ 'ਤੇ ਪਿੱਛੇ ਉਸ ਦੇ ਗ਼ਰੀਬ ਮਾਪੇ
ਧੋਖੇਬਾਜ਼ ਵਿਦੇਸ਼ੀ ਕੰਨੀ ਦੇ ਹੱਥੇ ਚੜ੍ਹੇ ਨੌਜਵਾਨ ਨੇ ਸੋਸ਼ਲ ਮੀਡੀਆ ਜ਼ਰੀਏ ਕੀਤੀ ਸਹਾਇਤਾ ਦੀ ਅਪੀਲ
ਲੋਕੇਸ਼ ਰਿਸ਼ੀ
ਗੁਰਦਾਸਪੁਰ, 19 ਜਨਵਰੀ 2020- ਪੰਜਾਬ ਦੇ ਬਹੁਤ ਸਾਰੇ ਗੱਭਰੂ ਧੋਖੇਬਾਜ਼ ਟਰੈਵਲ ਏਜੰਟਾਂ ਅਤੇ ਗ਼ਲਤ ਵਿਦੇਸ਼ੀ ਕੰਪਨੀਆਂ ਦੇ ਮੱਕੜ-ਜਾਲ 'ਚ ਫਸ ਜਾਂਦੇ ਹਨ ਜਿਸ ਤੋਂ ਬਾਦ ਚੰਗਾ ਭਵਿੱਖ ਜਾਂ ਨੋਟਾਂ ਦੇ ਥੱਬੇ ਕਮਾਉਣਾ ਤਾਂ ਦੂਰ ਦੀ ਗੱਲ, ਇਹਨਾਂ ਨੌਜਵਾਨਾਂ ਲਈ ਆਪਣੇ ਦੇਸ਼ ਪਰਤਣਾ ਵੀ ਜ਼ਿੰਦਗੀ ਮੌਤ ਦਾ ਸਵਾਲ ਬਣ ਕੇ ਖੜ੍ਹਾ ਹੋ ਜਾਂਦਾ ਹੈ।
ਅਜਿਹਾ ਹੀ ਇੱਕ ਤਾਜ਼ਾ ਮਾਮਲਾ ਉਸ ਵੇਲੇ ਪ੍ਰਕਾਸ਼ ਵਿੱਚ ਆਇਆ ਜਦੋਂ ਆਬੂਧਾਬੀ ਵਿਖੇ ਫਸ ਚੁੱਕੇ ਗੁਰਦਾਸਪੁਰ ਦੇ ਇੱਕ ਨੌਜਵਾਨ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਫਸੇ ਹੋਣ ਦੀ ਜਾਣਕਾਰੀ ਦਿੱਤੀ। ਉਸ ਨੌਜਵਾਨ ਨੇ ਵੀਡੀਓ ਸੰਦੇਸ਼ ਰਾਹੀਂ ਰੋ-ਰੋ ਕੇ ਭਾਰਤ ਦੇ ਆਪਣਾ ਹਾਲ ਦੱਸਿਆ ਅਤੇ ਭਾਰਤ ਸਰਕਾਰ ਕੋਲ ਉਸ ਨੂੰ ਬਚਾਉਣ ਦੀ ਅਪੀਲ ਕੀਤੀ ਹੈ।
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਾਮਪੁਰ ਵਾਸੀ ਮਲਕੀਅਤ ਸਿੰਘ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ ਕਰੀਬ 7 ਮਹੀਨੇ ਪਹਿਲਾਂ ਆਬੂਧਾਬੀ ਦੀ ਅੱਲ ਸਰਾ ਕੰਪਨੀ ਵਿੱਚ ਕੰਮ ਕਰਨ ਲਈ ਗਿਆ ਸੀ। ਜਿੱਥੇ ਰੋਟੀ-ਪਾਣੀ ਅਤੇ ਰਹਿਣ ਦੇ ਨਾਲ ਨਾਲ ਉਸ ਨੂੰ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦੇਣ ਦੀ ਗੱਲ ਕਹੀ ਗਈ ਸੀ। ਪਰ ਬੀਤੇ ਸਮੇਂ ਦੌਰਾਨ ਉਸ ਨੂੰ ਸਿਰਫ਼ ਦੋ ਵਾਰ 10-10 ਹਜ਼ਾਰ ਰੁਪਏ ਹੀ ਦਿੱਤੇ ਗਏ।
ਪਿਛਲੇ ਸਮੇਂ ਦੌਰਾਨ ਉਹ ਬਿਮਾਰ ਹੋ ਗਿਆ ਅਤੇ ਪੈਸਿਆਂ ਦੀ ਘਾਟ ਕਾਰਨ ਉਹ ਆਪਣਾ ਇਲਾਜ ਵੀ ਨਹੀਂ ਕਰਵਾ ਸਕਿਆ। ਜਿਸ ਕਾਰਨ ਉਹ ਕੰਮ ਕਰਨ ਵਿੱਚ ਅਸਮਰਥ ਹੋ ਚੁੱਕਾ ਹੈ। ਪਰ ਕੰਪਨੀ ਵੱਲੋਂ ਉਸ ਨੂੰ ਅਜਿਹੀ ਹਾਲਤ ਵਿੱਚ ਪਿਛਲੀ ਤਨਖ਼ਾਹ ਦੇ ਬਣਦੇ ਪੈਸੇ ਦੇਣ ਦੀ ਬਜਾਏ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਇਸ ਕਾਰਨ ਉਸ ਨੂੰ ਰੋਟੀ ਨਹੀਂ ਦਿੱਤੀ ਜਾਂਦੀ 'ਤੇ ਉਸ ਨਾਲ ਅਕਸਰ ਮਾਰ-ਕੁੱਟ ਕੀਤੀ ਜਾਂਦੀ ਹੈ। ਵੀਡੀਓ ਵਿੱਚ ਉਸ ਨੇ ਆਪਣਾ ਦੁਖੜਾ ਰੋਂਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਭਗਵੰਤ ਮਾਨ ਕੋਲ ਉਸ ਨੂੰ ਬਚਾਉਣ ਦੀ ਅਪੀਲ ਕੀਤੀ ਹੈ।
ਉੱਥੇ ਦੂਜੇ ਪਾਸੇ ਜਦੋਂ ਬਾਬੂਸ਼ਾਹੀ ਡਾਟ ਕਾਮ ਟੀ ਟੀਮ ਵੱਲੋਂ ਮਾਮਲੇ ਦੀ ਪੜਤਾਲ ਕਰਦਿਆਂ ਪੀੜਿਤ ਨੌਜਵਾਨ ਦੇ ਪਰਿਵਾਰ ਤੱਕ ਪਹੁੰਚ ਕੀਤੀ ਗਈ ਤਾਂ ਪਿੰਡ ਰਾਮਪੁਰ ਵਿਖੇ ਸਥਿਤ ਪੀੜਤ ਨੌਜਵਾਨ ਮਲਕੀਅਤ ਸਿੰਘ ਦੇ ਘਰ ਦੀ ਹਾਲਤ ਕਾਫ਼ੀ ਤਰਸਯੋਗ ਪਾਈ ਗਈ। ਘਰ ਦਾ ਮੇਨ ਗੇਟ ਟੁੱਟ ਚੁੱਕਾ ਹੈ, ਘਰ ਦੇ ਕੁੱਲ 3 ਕਮਰਿਆਂ ਵਿੱਚੋਂ ਦੋ ਨੂੰ ਦਰਵਾਜ਼ੇ ਨਹੀਂ ਹਨ ਅਤੇ ਇਸ ਪਰਿਵਾਰ ਨੇ ਠੰਢ ਤੋਂ ਬਚਣ ਲਈ ਰੌਸ਼ਨਦਾਨਾਂ ਨੂੰ ਪਲਾਸਟਿਕ ਦੀਆਂ ਬੋਰੀਆਂ ਨਾਲ ਬੰਦ ਕੀਤਾ ਹੋਇਆ ਹੈ। ਘਰ ਵਿੱਚ ਭਾਰੀ ਗ਼ਰੀਬੀ ਦਾ ਆਲਮ ਅਤੇ ਪੁੱਤ ਦੇ ਵਿਦੇਸ਼ ਵਿਖੇ ਫਸੇ ਹੋਣ ਦੇ ਦੁੱਖ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਮਲਕੀਅਤ ਸਿੰਘ ਦੇ ਬਜ਼ੁਰਗ ਪਿਤਾ ਨੇ ਸਲਵਿੰਦਰ ਸਿੰਘ ਨਾਲ ਗੱਲ ਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਉਹ ਦਿਹਾੜੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ ਅਤੇ ਮਲਕੀਅਤ ਵੀ ਉਨ੍ਹਾਂ ਵਾਂਗ ਇਹੀ ਕੰਮ ਕਰਿਆ ਕਰਦਾ ਸੀ। ਉਸ ਦੌਰਾਨ ਮਲਕੀਅਤ ਗੁਰਦਾਸਪੁਰ ਦੇ ਪਿੰਡ ਛੀਨਾ ਵਿਖੇ ਰਹਿਣ ਵਾਲੇ ਟਰੈਵਲ ਏਜੰਟ ਦੇ ਸੰਪਰਕ ਵਿੱਚ ਆਇਆ। ਜਿਸ ਨੇ ਉਸ ਨੂੰ ਬਿਹਤਰ ਭਵਿੱਖ ਦਾ ਸੁਪਨਾ ਵਿਖਾਉਂਦਿਆਂ 70 ਹਜ਼ਾਰ ਰੁਪਏ ਦੇ ਬਦਲੇ ਵਿਦੇਸ਼ ਭੇਜਣ ਦੀ ਗੱਲ ਕਹੀ।
ਪਰਿਵਾਰ ਕੋਲ ਇੰਨੇ ਪੈਸੇ ਦੇਣ ਦੀ ਸਮਰੱਥਾ ਨਹੀਂ ਸੀ ਪਰ ਫਿਰ ਵੀ ਪਰਿਵਾਰ ਨੇ 60 ਹਜ਼ਾਰ ਰੁਪਏ ਵਿਆਜ ਤੇ ਲੈ ਕੇ ਏਜੰਟ ਨੂੰ 70 ਹਜ਼ਾਰ ਦੀ ਅਦਾਇਗੀ ਕੀਤੀ। ਇਸ ਦੌਰਾਨ ਕੰਪਨੀ ਵੱਲੋਂ ਰੋਟੀ, ਰਹਿਣਾ ਅਤੇ ਮੁਫ਼ਤ ਇਲਾਜ ਦੇ ਨਾਲ ਨਾਲ ਪ੍ਰਤੀ ਮਹੀਨਾ 18 ਹਜ਼ਾਰ ਰੁਪਏ ਤਨਖ਼ਾਹ ਦੀ ਗੱਲ ਕਹੀ ਗਈ। ਪਰ 7 ਮਹੀਨੇ ਬੀਤ ਜਾਣ ਦੇ ਬਾਵਜੂਦ ਮਲਕੀਅਤ ਨੂੰ ਸਿਰਫ਼ ਦੋ ਵਾਰ 10-10 ਹਜ਼ਾਰ ਰੁਪਏ ਹੀ ਦਿੱਤੇ ਗਏ। ਪਿਤਾ ਸਲਵਿੰਦਰ ਸਿੰਘ ਨੇ ਦੱਸਿਆ ਕਿ ਮਲਕੀਅਤ ਸਿੰਘ ਦੇ ਦੋ ਛੋਟੇ ਬੱਚੇ ਹਨ ਅਤੇ ਮੌਜੂਦਾ ਸਮੇਂ ਵਿੱਚ ਇੱਕ ਪਾਸੇ ਮਲਕੀਅਤ ਸਿੰਘ ਦੀ ਬੇਟੀ ਦਾ ਚੂਲਾ ਟੁੱਟ ਚੁੱਕਾ ਹੈ 'ਤੇ ਦੂਜੇ ਪਾਸੇ ਮਲਕੀਅਤ ਆਪ ਵਿਦੇਸ਼ ਵਿਖੇ ਫਸਿਆ ਹੋਣ ਕਾਰਨ ਪਰਿਵਾਰ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਉਸ ਟਰੈਵਲ ਏਜੰਟ ਨਾਲ ਵੀ ਸੰਪਰਕ ਕੀਤਾ ਗਿਆ ਜਿਸ ਵੱਲੋਂ ਮਲਕੀਅਤ ਨੂੰ ਵਿਦੇਸ਼ ਭੇਜਿਆ ਗਿਆ ਸੀ। ਪਰ ਉਸ ਏਜੰਟ ਵੱਲੋਂ ਮਲਕੀਤ ਨੂੰ ਵਾਪਸ ਲਿਆਉਣ ਲਈ 40 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਜੋ ਕਿ ਮੁਸ਼ਕਿਲ ਵਿੱਚ ਫਸੇ ਪਰਿਵਾਰ ਲਈ ਦੇਣਾ ਮੁਸ਼ਕਿਲ ਹੈ। ਅਖੀਰ ਵਿੱਚ ਮਲਕੀਤ ਸਿੰਘ ਦੇ ਪਿਤਾ ਨੇ ਭਾਰਤ ਸਰਕਾਰ ਕੋਲੋਂ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀ ਹਾਲਤ ਨੂੰ ਮੁੱਖ ਰੱਖਦਿਆਂ ਹੋਇਆਂ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ ਅਤੇ ਉਨ੍ਹਾਂ ਦੇ ਬੇਟੇ ਨੂੰ ਵਾਪਸ ਭਾਰਤ ਲਿਆਂਦਾ ਜਾਵੇ।