ਗੁਰਨਾਮ ਸਿੱਧੂ
ਫਿਰੋਜ਼ਪੁਰ 19 ਜਨਵਰੀ 2020 : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਅਜੈ ਮਲੂਜਾ, ਏਆਈਜੀ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਯੋਗ ਰਹਿਨੁਮਾਈ ਹੇਠ ਜਸਬੀਰ ਸਿੰਘ ਪੰਨੂੰ ਉਪ ਕਪਤਾਨ ਪੁਲਿਸ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਅਤੇ ਹਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਐੱਸਐੱਸਓਸੀ ਫਾਜ਼ਿਲਕਾ ਅਤੇ ਕਾਊਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਪਾਰਟੀ ਵੱਲੋਂ ਵੱਡੀ ਮਾਤਰਾ ਵਿਚ ਹੈਰੋਇਨ ਫੜਨ ਵਿਚ ਕਾਮਯਾਬੀ ਹਾਸਲ ਕੀਤੀ।
18 ਜਨਵਰੀ ਸਪੈਸ਼ਲ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਚੈਕਿੰਗ ਵਿਚ ਇਕ ਮਾਰੂਤੀ ਸਫਿਵਟ ਵੀਡੀਆਈ ਨੰਬਰੀ ਡੀਐੱਲ9 ਸੀਏਬੀ 4693 ਮਮਦੋਟ ਵੱਲੋਂ ਆਈ, ਜਿਸ ਨੂੰ ਪੁਲਿਸ ਪਾਰਟੀ ਨੇ ਟਾਰਚ ਦੀ ਰੋਸ਼ਨੀ ਨਾਲ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਕਾਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁੱਖ ਅਫਸਰ ਥਾਣਾ ਐੱਸਐੱਸਓਸੀ ਫਾਜ਼ਿਲਕਾ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਰ ਨੂੰ ਰੋਕ ਕੇ ਕਾਰ ਸਵਾਰ ਦੋ ਵਿਅਕਤੀਆਂ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਮੰਗਤ ਰਾਮ ਵਾਸੀ ਪਿੰਡ ਖੁੰਦੜ ਉਤਾੜ ਥਾਣਾ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਅਤੇ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਵਜ਼ੀਰ ਸਿੰਘ ਵਾਸੀ ਪਿੰਡ ਝੁੱਗੇ ਕਿਸ਼ੋਰ ਸਿੰਘ ਵਾਲੇ ਥਾਣਾ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਨੂੰ ਕਾਬੂ ਕੀਤਾ ਸੀ। ਜਸਬੀਰ ਸਿੰਘ ਪੰਨੂੰ ਉਪ ਕਪਤਾਨ ਪੁਲਿਸ ਕਾਊਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਹਾਜ਼ਰੀ ਵਿਚ ਕਾਬੂ ਕੀਤੇ ਗਏ ਸਤਨਾਮ ਸਿੰਘ ਉਰਫ ਸੱਤਾ ਅਤੇ ਗੁਰਪ੍ਰੀਤ ਸਿੰਘ ਉਰਫ ਗੋਰਾ ਪਾਸੋਂ ਤਲਾਸ਼ੀ ਲੈਣ 'ਤੇ ਇਨ੍ਹਾਂ ਪਾਸੋਂ 2-2 ਕਿਲੋਗ੍ਰਾਮ ਕੁੱਲ 4 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਜਿਸ ਸਬੰਧ ਵਿਚ ਉਕਤ ਦੋਸ਼ੀਆਂ ਦੇ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਥਾਣਾ ਐੱਸਐੱਸਓਸੀ ਫਾਜ਼ਿਲਕਾ ਵਿਖੇ ਦਰਜ ਕੀਤਾ ਗਿਆ ਹੈ। ਦੋਸ਼ੀ ਸਤਨਾਮ ਸਿੰਘ ਉਰਫ ਸੱਤਾ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਰਿਆਜ ਚਾਚਾ ਨਾਮ ਦੇ ਪਾਕਿ ਸਮੱਗਲਰ ਨਾਲ ਗੱਲਬਾਤ ਕਰਕੇ 6, 7 ਜਨਵਰੀ 2020 ਦੀ ਰਾਤ ਨੂੰ ਬੀਐੱਸਐੱਫ ਦੀ ਬੀਓਪੀ ਮਸਤਾ ਗੱਟੀ ਦੇ ਏਰੀਏ ਵਿਚੋਂ 5 ਪੈਕੇਟ ਹੈਰੋਇਨ ਥਰੋਅ ਕਰਵਾਈ ਸੀ, ਜੋ ਕਿ ਉਸ ਨੇ ਧੁੰਦ ਦਾ ਫਾਇਦਾ ਉਠਾ ਕੇ ਹੈਰੋਇਨ ਦੀ ਖੇਪ ਚੁੱਕ ਲਿਆਇਆ ਸੀ, ਪਰ ਮਿੱਟੀ ਵਿਚ ਦੱਬ ਦਿੱਤੀ ਸੀ। 5 ਪੈਕੇਟ ਹੈਰੋਇਨ ਵਿਚੋਂ 1 ਪੈਕੇਟ ਹੈਰੋਇਨ ਉਹ ਅਤੇ ਗੁਰਪ੍ਰੀਤ ਸਿੰਘ ਉਰਫ ਗੋਰਾ ਨੇ ਰਲ ਕੇ ਪ੍ਰਚੂਨ ਵਿਚ ਵੇਚ ਦਿੱਤੀ ਸੀ ਅਤੇ ਬਾਕੀ ਬੱਚਦੀ 4 ਪੈਕੇਟ ਹੈਰੋਇਨ ਪਾਕਿ ਸਮੱਗਲਰ ਚਾਚਾ ਰਿਆਜ ਦੇ ਕਹਿਣ 'ਤੇ ਅੰਮ੍ਰਿਤਸਰ ਦੇ ਅਣਪਛਾਤੇ ਸਮੱਗਲਰਾਂ ਨੂੰ ਦੇਣ ਲਈ ਲਿਜਾ ਰਹੇ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਦੋਸ਼ੀ ਸਤਨਾਮ ਸਿੰਘ ਉਰਫ ਸੱਤਾ 'ਤੇ ਪਹਿਲਾ ਵੀ ਨਸ਼ਿਆਂ ਦੀ ਸਮਗਲਿੰਗ ਦੇ ਸਬੰਧ ਵਿਚ ਮੁਕੱਦਮੇ ਦਰਜ ਹਨ। ਪੁਲਿਸ ਨੇ ਦੱਸਿਆ ਕਿ ਸਤਨਾਮ ਸਿੰਘ ਸੱਤਾ ਖਿਲਾਫ 18 ਮਾਰਚ 2005 ਐੱਨਡੀਪੀਐੱਯ ਐਕਟ ਥਾਣਾ ਸਦਰ ਮੋਗਾ ਜ਼ਿਲ੍ਹਾ ਮੋਗਾ ਵਿਖੇ 7 ਬੋਰੀਆਂ ਚੂਰਾ ਪੋਸਤ ਬਰਾਮਦ ਹੋਇਆ। 25 ਅਪ੍ਰੈਲ 2014 ਨੂੰ ਐੱਨਡੀਪੀਐੱਸ ਐਕਟ ਤਹਿਤ ਥਾਣਾ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਮਾਮਲਾ ਦਰਜ ਹੋਇਆ। 1 ਨਵੰਬਰ 2018 ਨੂੰ ਐੱਨਡੀਪੀਐੱਸ ਐਕਟ ਤਹਿਤ ਥਾਣਾ ਸਿਟੀ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਵਿਖੇ ਨਸ਼ੀਲਾ ਪਾਊਡਰ ਬਰਾਮਦ ਹੋਇਆ। 9 ਮਾਰਚ 2004 ਵਿਚ ਐੱਨਡੀਪੀਐੱਸ ਐਕਟ ਤਹਿਤ ਥਾਣਾ ਪਾਤੜਾ ਜ਼ਿਲ੍ਹਾ ਪਟਿਆਲਾ ਵਿਚ 8 ਬੋਰੀਆਂ ਚੂਰਾ ਪੋਸਤ ਬਰਾਮਦ ਹੋਇਆ। 20 ਅਪ੍ਰੈਲ 2012 ਨੂੰ ਐੱਨਡੀਪੀਐੱਸ ਐਕਟ ਤਹਿਤ ਥਾਣਾ ਸਿਟੀ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਵਿਖੇ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਸਤਨਾਮ ਸਿੰਘ ਉਰਫ ਸੱਤਾ ਨੂੰ ਮੁਕੱਦਮਾ ਨੰਬਰ 36/2005 ਸਦਰ ਮੋਗਾ ਵਿਚ 12 ਸਾਲ ਦੀ ਕੈਦ ਦੀ ਸਜ਼ਾ ਹੋਈ ਸੀ, ਜਿਸ ਵਿਚੋਂ ਇਹ 5 ਸਾਲ ਜੇਲ੍ਹ ਰਹਿਣ ਉਪਰੰਤ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਤੋਂ ਸਾਲ 2010 ਤੋਂ ਜ਼ਮਾਨਤ ਤੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਸਤਨਾਮ ਸਿੰਘ ਅਤੇ ਉਸ ਦੇ ਚਾਚਾ ਨੱਥਾ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਕਿਸ਼ੋਰ ਵਾਲੇ ਝੁੱਗੇ ਥਾਣਾ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਵੀ ਹੈਰੋਇਨ ਦਾ ਸਮੱਗਲਰ ਹੈ, ਜਿਸ ਤੇ ਮੁਕੱਦਮਾ ਨੰਬਰ 62 ਮਿਤੀ 25 ਜੂਨ 2017 ਨੂੰ ਐੱਨਡੀਪੀਐੱਸ ਐਕਟ ਥਾਣਾ ਕੈਂਟ ਫਿਰੋਜ਼ਪੁਰ ਜ਼ਿਲ੍ਹਾ ਫਿਰੋਜ਼ਪੁਰ ਵਿਚ 5 ਕਿਲੋ ਗ੍ਰਾਮ ਹੈਰੋਇਨ, 13 ਫਰਵਰੀ 2012 ਨੂੰ ਐੱਨਡੀਪੀਐੱਯ ਐਕਟ ਥਾਣਾ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਦਰਜ ਹਨ ਅਤੇ ਮੌਜ਼ੂਦਾ ਨੱਥਾ ਸਿੰਘ ਮੁਕੱਦਮਾ ਨੰਬਰ 62/2017 ਦੇ ਤਹਿਤ ਮਾਡਰਨ ਜੇਲ੍ਹ ਫਰੀਦਕੋਟ ਵਿਖੇ ਬੰਦ ਹੈ।