ਸੰਜੀਵ ਸੂਦ
- ਸਿਹਤ ਵਿਭਾਗ ਵੱਲੋਂ ਲੁਧਿਆਣਾ 'ਚ ਸੂਬਾ ਪੱਧਰੀ ਮੈਡੀਕਲ ਕੈਂਪ
ਲੁਧਿਆਣਾ, 19 ਜਨਵਰੀ 2020 - ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਾਜਿੰਦਰ ਕੌਰ ਭੱਠਲ ਨੇ ਸੀਨੀਅਰ ਕਾਂਗਰਸੀ ਨੇਤਾ ਅਤੇ ਰਾਜ ਸਭਾ ਮੈਂਬਰ ਪਰਤਾਪ ਬਾਜਵਾ ਵੱਲੋਂ ਮੁੱਖ ਮੰਤਰੀ ਦੇ ਖਿਲਾਫ ਦਿੱਤੇ ਬਿਆਨਾਂ ਤੇ ਸਿੱਧੀ ਟਿੱਪਣੀ ਕਰਨ ਤੋਂ ਗੁਰੇਜ਼ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਆਪਣਾ ਭਰੋਸਾ ਜ਼ਾਹਰ ਕੀਤਾ . ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਅਤੇ ਕੁਝ ਹੋਰ ਵਾਅਦੇ ਵੀ ਪੂਰੇ ਕੀਤੇ ਹਨ .ਬਾਕੀ ਵਾਅਦੇ ਵੀ ਅਗਲੇ ਸਮੇਂ 'ਚ ਪੂਰੇ ਕੀਤੇ ਜਾਣਗੇ . ਉਨ੍ਹਾਂ ਕਿਹਾ ਕਿ ਉਹ ਬਾਜਵਾ ਦੇ ਬਿਆਨਾਂ ਤੇ ਕੋਈ ਟਿੱਪਣੀ ਨਹੀਂ ਕਰਨਗੇ , ਹਰ ਕੋਈ ਆਪਣੇ ਵਿਚਾਰ ਰੱਖ ਸਕਦਾ ਹੈ
ਪਰ ਸਵਾਲ ਇਹ ਹੈ ਆਪਣੇ ਵਿਚਾਰ ਕਿੱਥੇ , ਕਿਸ ਜਗਾ ਤੇ ਕਿਸ ਵੇਲੇ ਰੱਖਦਾ ਹੈ ਇਹ ਜ਼ਿਆਦਾ ਮਾਇਨੇ ਰੱਖਦਾ ਹੈ .ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਹਰ ਕਿਸੇ ਦੀ ਆਪਣੀ ਵਿਚਾਰਧਾਰਾ ਹੋ ਸਕਦੀ ਹੈ।
ਬੀਬੀ ਭੱਠਲ ਇੱਥੇ ਸਿਹਤ ਵਿਭਾਗ ਵੱਲੋਂ ਲਾਏ ਮੈਗਾ ਕੈਂਪ ਲਈ ਆਏ ਸਨ . ਮੈਗਾ ਮੈਡੀਕਲ ਕੈਂਪ ਵਿੱਚ ਮਾਹਿਰ ਡਾਕਟਰਾਂ ਨੇ ਹਿੱਸਾ ਲਿਆ ਅਤੇ ਵੱਡੀ ਤਦਾਦ 'ਚ ਲੋਕਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ। ਇਸ ਦੌਰਾਨ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਵਿਸ਼ੇਸ਼ ਤੌਰ 'ਤੇ ਇਸ ਮੈਡੀਕਲ ਕੈਂਪ ਦੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨਾਗਰਿਕਤਾ ਸੋਧ ਐਕਟ ਅਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ।
ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਨਾਗਰਿਕਤਾ ਸੋਧ ਐਕਟ ਦੇ ਵਿੱਚ ਕਈ ਖਾਮੀਆਂ ਸਨ, ਪਰ ਉਸ ਦੇ ਬਾਵਜੂਦ ਕੇਂਦਰ ਸਰਕਾਰ ਨੇ ਪੂਰੇ ਦੇਸ਼ 'ਚ ਉਸ ਨੂੰ ਲਾਗੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ, ਨਰਿੰਦਰ ਮੋਦੀ ਨੂੰ ਜੇ ਕੋਈ ਵੀ ਕੁੱਝ ਕਹਿ ਦਿੰਦਾ ਹੈ ਉਹ ਬਿਨਾਂ ਸੋਚੇ ਸਮਝੇ ਉਸ 'ਤੇ ਮੋਹਰ ਲਾ ਦਿੰਦੇ ਹਨ। ਉਧਰ ਦੂਜੇ ਪਾਸੇ ਉਨ੍ਹਾਂ ਨੇ ਬਿਜਲੀ ਦੀਆਂ ਕੀਮਤਾਂ ਨੂੰ ਲੈ ਕੇ ਮੁੜ ਤੋਂ ਸਾਬਕਾ ਅਕਾਲੀ-ਭਾਜਪਾ ਸਰਕਾਰ ਤੇ ਨਿਸ਼ਾਨੇ ਵਿੰਨੇ।
ਉਧਰ ਦੂਜੇ ਪਾਸੇ ਮੈਡੀਕਲ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਸਿਵਲ ਸਰਜਨ ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ 700 ਲੋਕਾਂ ਵੱਲੋਂ ਇਸ ਕੈਂਪ ਦੇ ਵਿੱਚ ਰਜਿਸਟ੍ਰੇਸ਼ਨ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਮਾਹਿਰ ਡਾਕਟਰਾਂ ਦੀ ਟੀਮ ਵੀ ਇਸ ਮੈਡੀਕਲ ਕੈਂਪ ਦੇ ਵਿੱਚ ਲੋਕਾਂ ਦਾ ਚੈੱਕਅੱਪ ਕਰ ਰਹੀ ਹੈ ਅਤੇ ਬੱਚਿਆਂ ਦੇ ਮਾਹਰ ਡਾਕਟਰ ਵੀ ਵਿਸ਼ੇਸ਼ ਤੌਰ ਤੇ ਬੁਲਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਕੈਂਪ ਰਾਹੀਂ ਵੱਡੀ ਤਦਾਦ 'ਚ ਬਲੱਡ ਯੂਨਿਟ ਵੀ ਇਕੱਤਰ ਕੀਤੇ ਗਏ ਹਨ।