ਅਮਰੀਕੀ ਸਿੱਖ ਸੰਸਥਾਵਾਂ ਦੀ ਰਾਇ ; ਸ੍ਰੀ ਦਰਬਾਰ ਸਾਹਿਬ ਨੇੜੇ ਸਭਿਆਚਾਰਕ ਬੁੱਤ ਲਾਉਣਾ ਵੱਡੀ ਗਲਤੀ
ਨਿਊਯਾਰਕ, 19 ਜਨਵਰੀ, 2020 : ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਟੈਲੀਕਾਨਫਰੰਸ ਰਾਹੀਂ ਸਿੱਖ ਪੰਥ ਨੂੰ ਦਰਪੇਸ਼ ਮਸਲਿਆਂ 'ਤੇ ਚਰਚਾ ਕੀਤੀ।
ਇਸ ਚਰਚਾ ਵਿਚ ਸਿੱਖ ਕੋਆਰਡੀਨਸ਼ਨ ਕਮੇਟੀ ਤੋਂ ਇਲਾਵਾ ਗੁਰਦੁਆਰਾ ਸਾਹਿਬਾਨ ਦੇ 106 ਪ੍ਰਤੀਨਿਧਾਂ ਨੇ ਭਾਗ ਲਿਆ ਤੇ ਆਪਣੇ ਵਿਚਾਰ ਦੱਸੇ। ਇਸ ਬਾਰੇ ਸਾਰੇ ਆਗੂ ਸਰਬਸੰਮਤੀ ਨਾਲ ਸਹਿਮਤ ਸਨ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸਭਿਆਚਾਰਕ ਬੁੱਤ ਲਾਉਣੀ ਵੱਡੀ ਗਲਤੀ ਤੇ ਬੱਜਰ ਗੁਨਾਹ ਸੀ ਅਤੇ ਸਿੱਖ ਨੌਜਵਾਨਾਂ ਜਿਹਨਾਂ ਨੇ ਇਸ ਗਲਤੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ, ਦੀ ਸ਼ਲਾਘਾ ਕਰਨੀ ਚਾਹੀਦੀ ਹੈ ਤੇ ਉਹ ਗ੍ਰਿਫਤਾਰ ਨਹੀਂ ਕੀਤੇ ਜਾਣੇ ਚਾਹੀਦੇ।
ਇਹਨਾਂ ਆਗੂਆਂ ਨੇ ਵਿਤਕਰੇਭਰਪੂਰ ਨਾਗਰਿਕਤਾ ਸੋਧ ਐਕਟ, ਐਨ ਆਰ ਸੀ ਅਤੇ ਐਨ ਪੀ ਆਰ ਦੀ ਵੀ ਨਿਖੇਧੀ ਕੀਤੀ। ਸਰਬਸੰਮਤੀ ਨਾਲ ਇਹ ਵੀ ਰਾਇ ਪ੍ਰਗਟ ਕੀਤੀ ਗਈ ਕਿ ਇਹ ਆਰ ਐਸ ਐਸ ਵੱਲੋਂ ਭਾਰਤ ਨੂੰ 2025 ਤੱਕ ਹਿੰਦੂ ਰਾਸ਼ਟਰ ਬਣਾਉਣ ਦੇ ਕੀਤੇ ਐਲਾਨ ਮੁਤਾਬਕ ਕਦਮ ਦਰ ਕਦਮ ਚੁੱਕਿਆ ਜਾ ਰਿਹਾ ਹੈ। ਕਾਨਫਰੰਸ ਕਾਲ ਦੌਰਾਨ ਸਾਰੇ ਅਮਰੀਕੀ ਸਿੱਖਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ 26 ਜਨਵਰੀ 2020 ਨੂੰ ਵਾਸ਼ਿੰਗਟਨ ਡੀ ਸੀ ਵਿਚ ਭਾਰਤੀ ਸਫਾਰਖਾਨੇ ਅਤੇ ਅਮਰੀਕੀ ਕਨਸੂਲੇਟ ਸਾਹਮਣੇ ਧਰਨੇ ਵਿਚ ਹੁੰਮਹੁੰਮਾ ਕੇ ਸ਼ਾਮਲ ਹੋਣ।