ਅਸ਼ੋਕ ਵਰਮਾ
ਬਠਿੰਡਾ, 20 ਜਨਵਰੀ 2020 - ਪੰਜਾਬ ਸਰਕਾਰ ਦੁਆਰਾ ਪਰਾਲੀ ਦੀ ਸੰਭਾਲ ਦੇ ਸਰਕਾਰੀ ਤੌਰ ’ਤੇ ਪੁਖਤਾ ਪ੍ਰਬੰਧ ਨਾ ਕਰਨ ਕਾਰਨ ਮਜ਼ਬੂਰੀ ਵੱਸ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਤੇ ਕੀਤੇ ਪੁਲਿਸ ਕੇਸ, ਜੁਰਮਾਨੇ ਜਾਂ ਉਹਨਾਂ ਦੀਆਂ ਜਮਾਂਬੰਦੀਆਂ ਵਿੱਚ ਕੀਤੇ ਲਾਲ ਇੰਦਰਾਜ (ਰੈਡ ਇੰਟਰੀਆਂ) ਰੱਦ ਕਰਵਾਉਣ, ਕੰਬਾਈਨਾਂ ਤੇ ਕੀਤੇ ਪਰਚੇ ਰੱਦ ਕਰਵਾ ਕੇ ਜਬਤ ਕੀਤੀਆਂ ਕੰਬਾਈਨਾਂ ਵਾਪਿਸ ਲੈਣ, ਪੰਜ ਏਕੜ ਤੱਕ ਮਾਲਕੀ ਦੇ ਕਿਸਾਨਾਂ ਨੂੰ ਦੋ ਲੱਖ ਕਰਜ਼ਾ ਦੀ ਕਰਜ਼ਾ ਮੁਆਫ਼ੀ ਦੀ ਨਿਗੂਣੀ ਰਾਹਤ ਤੁਰੰਤ ਸਾਰੇ ਕਿਸਾਨਾਂ ਦੇ ਖਾਤਿਆਂ ਵਿੱਚ ਪਵਾਉਣ ਅਤੇ ਆਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਸੰਭਾਲ ਦੇ ਪੁਖਤਾ ਪ੍ਰਬੰਧ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਕਮੇਟੀ ਦੇ ਸੱਦੇ ਤਹਿਤ ਜ਼ਿਲਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਅੱਜ ਤੋਂ ਦਿਨ-ਰਾਤ ਤਿੰਨ ਰੋਜਾ ਧਰਨਾ ਸ਼ੁਰੂ ਕਰ ਦਿੱਤਾ।
ਧਰਨੇ ’ਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਔਰਤ ਜਥੇਬੰਦੀ ਜ਼ਿਲਾ ਬਠਿੰਡਾ ਦੇ ਪ੍ਰਧਾਨ ਹਰਿੰਵਰ ਬਿੰਦੂ ਨੇ ਕਿਹਾ ਕਿ ਪਰਾਲੀ ਨੂੰ ਸੰਭਾਲਣ ਤੇ ਕਿਸਾਨਾਂ ਦਾ ਖਰਚਾ ਬਹੁਤ ਆਉਦਾ ਹੈ ਜੋ ਪਹਿਲਾਂ ਹੀ ਕਰਜ਼ੇ ਦੀਆਂ ਪੰਡਾਂ ਦੇ ਸਤਾਏ ਖੁਦਕੁਸ਼ੀਆਂ ਕਰ ਰਹੇ ਹਨ। ਖਰਚੇ ਵਿੱਚ ਵਾਧੇ ਕਾਰਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਵਿੱਚ ਹੋਰ ਵਾਧਾ ਹੋਵੇਗਾ। ਉਹਨਾਂ ਕਿਹਾ ਕਿ ਸਰਕਾਰ ਨੇ ਨਾ ਤਾਂ ਪ੍ਰਦੁਸ਼ਣ ਕੰਟਰੋਲ ਦੀਆ ਹਦਾਇਤਾਂ ਮੁਤਾਬਕ ਪਰਾਲੀ ਦੀ ਸੰਭਾਲ ਲਈ ਮੁਫ਼ਤ ਜਾਂ ਥੋੜੇ ਖਰਚੇ ਤੇ ਮਸ਼ੀਨਰੀ ਦਿੱਤੀ ਹੈ ਅਤੇ ਨਾ ਹੀ ਸੰਭਾਲ ਖਰਚੇ ਦੀ ਪੂਰਤੀ ਲਈ 200 ਰੁਪੈ ਕੁਇੰਟਲ ਝੋਨੇ ਤੇ ਬੋਨਸ ਦਿੱਤਾ ਹੈ। ਜਿੰਨਾਂ ਕਿਸਾਨਾਂ ਨੇ ਆਪਣੇ ਖਰਚੇ ਵੱਧ ਕਰਕੇ ਪਰਾਲੀ ਖੇਤਾ ਵਿੱਚ ਵਾਹ ਦਿੱਤੀ ਉਹਨਾਂ ਦੀਆ ਕਣਕਾਂ ਸੁੰਡੀ ਨੇ ਬਰਬਾਦ ਕਰ ਦਿੱਤੀਆਂ ਜਿਸ ਕਾਰਨ ਉਹਨਾਂ ਨੂੰ ਦੁਹਰੀ ਆਰਥਿਕ ਮਾਰ ਪੈ ਗਈ।
ਜਦੋਂ ਕਿਸਾਨਾਂ ਨੂੰ ਪਰਾਲੀ ਨੂੰ ਵੱਡੀ ਪੱਧਰ ’ਤੇ ਅੱਗ ਲਾ ਦਿੱਤੀ ਤਾਂ ਉਸਤੋਂ ਬਾਅਦ ਪੰਜਾਬ ਸਰਕਾਰ ਨੇ 100 ਰੁਪੈ ਕੁਇੰਟਲ ਝੋਨੇ ਤੇ ਬੋਨਸ (2500 ਰੁਪੈ ਪ੍ਰਤੀ ਏਕੜ) ਦੀ ਨਿਗੂਣੀ ਰਾਸ਼ੀ ਦੇਣ ਦਾ ਐਲਾਨ ਕਰ ਦਿੱਤਾ ਜੋ ਕਿ ਉਹ ਵੀ ਲੋੜਵੰਦ ਕਿਸਾਨਾਂ ਨੂੰ ਨਹੀਂ ਮਿਲਿਆ। ਬੁਲਾਰਿਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਤਿੰਨ ਰੋਜ਼ਾ ਧਰਨਿਆਂ ਵਿੱਚ ਪਰਿਵਾਰਾਂ ਸਮੇਤ ਰੋਜ ਦਿਨ ਰਾਤ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਤਾਂ ਜੋ ਮੰਗਾਂ ਪੂਰੀਆਂ ਕਰਾਉਣ ਲਈ ਸਰਕਾਰ ਨੂੰ ਮਜ਼ਬੂਰ ਕਰ ਸਕੀਏ। ਅੱਜ ਦੇ ਧਰਨੇ ਨੂੰ ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੂੰਬਾ, ਦਰਸ਼ਨ ਸਿੰਘ ਮਾਈਸਰਖਾਨਾ, ਬਾਬੂ ਸਿੰਘ ਮੰਡੀ ਖੁਰਦ, ਸੁਖਦੇਵ ਸਿੰਘ ਰਾਮਪੁਰਾ, ਬਸੰਤ ਸਿੰਘ ਕੋਠਾਗੁਰੂ, ਮੋਹਣ ਸਿੰਘ ਚੱਠੇਵਾਲਾ, ਕੁਲਵੰਤ ਸ਼ਰਮਾ, ਅਮਰੀਕ ਸਿੰਘ ਸਿਵੀਆਂ ਅਤੇ ਮਾਲਣ ਕੌਰ ਕੋਠਾਗੁਰੂ ਨੇ ਵੀ ਸੰਬੋਧਨ ਕੀਤਾ।
ਪਰਾਲੀ ਕਾਰਨ ਸਾਹ ਦੀ ਬਿਮਾਰੀ....
ਬਠਿੰਡਾ ਜਿਲੇ ’ਚ ਔਸਤਨ 1.50 ਲੱਖ ਹੈਕਟੇਅਰ ਰਕਬੇ ’ਚ ਝੋਨੇ ਦੀ ਬਿਜਾਈ ਹੁੰਦੀ ਹੈ ਇਸ ਚੋਂ ਤਕਰੀਬਨ ਸਾਢੇ ਤਿੰਨ ਲੱਖ ਮੀਟਰਿਕ ਟਨ ਪਰਾਲੀ ਪੈਦਾ ਹੁੰਦੀ ਹੈ ਵੱਡੀ ਸਮੱਸਿਆ ਗਿੱਲੀ ਪਰਾਲੀ ਦੀ ਹੁੰਦੀ ਹੈ ਜੋ ਲੰਮਾਂ ਸਮਾਂ ਸੁਲਘਦੀ ਰਹਿੰਦੀ ਹੈ ਇਸ ਕਾਰਨ ਕਾਰਬਨ ਡਾਇਅਕਸਾਈਡ ,ਕਾਰਬਨ ਮੋਨੋਅਕਸਾਈਡ ਅਤੇ ਮਿਥੇਨ ਗੈਸਾਂ ਨਿਕਲਦੀਆਂ ਹਨ ਜਿੰਨਾਂ ਕਾਰਨ ਪ੍ਰਦੂਸ਼ਣ ਵਧਦਾ ਹੈ ਸਿਵਲ ਹਸਪਤਾਲ ਬਠਿੰਡਾ ਦੇ ਮੈਡੀਕਲ ਅਫਸਰ ਡਾ ਗੁਰਮੇਲ ਸਿੰਘ ਦਾ ਕਹਿਣਾ ਸੀ ਕਿ ਪਰਾਲੀ ਕਾਰਨ ਵਾਤਾਵਰਣ ਵਿਚ ਫੈਲੇ ਧੂੰਏ ਨਾਲ ਸਾਹ ਦੀ ਗੰਭੀਰ ਬਿਮਾਰੀ ਹੋ ਸਕਦੀ ਹੈ।
ਧੱਕੇਸ਼ਾਹੀ ਦਾ ਵਿਰੋਧ: ਕਿਸਾਨ ਆਗੂ......
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ ) ਦੇ ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਜੇ ਸਰਕਾਰ ਪ੍ਰਦੂਸ਼ਣ ਪ੍ਰਤੀ ਗੰਭੀਰ ਹੈ ਤਾਂ ਮਾਲੀ ਸੰਕਟ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਢੁੱਕਵੀਂ ਮਦਦ ਦੇਵੇ ਤਾਂ ਜੋ ਕਿਸਾਨ ਅੱਗ ਨਾ ਲਾਉਣ ਕਰ ਕੇ ਹੋਣ ਵਾਲੇ ਖਰਚੇ ਝੱਲ ਸਕਣ। ਉਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਖਰਚਾ ਦੇਣ ਦੀ ਬਜਾਏ ਪਰਾਲੀ ਫੂਕਣ ਤੋਂ ਰੋਕਣ ਲਈ ਤੁਗਲਕੀ ਫ਼ਰਮਾਨ ਜਾਰੀ ਕਰ ਰਹੀ ਹੈ ਜਿਸ ਨੂੰ ਸਹਿਣ ਨਹੀਂ ਕੀਤਾ ਜਾਏਗਾ। ਕਿਸਾਨ ਆਗੂ ਨੇ ਚਿਤਾਵਨੀ ਦਿੱਤੀ ਕਿ ਜੇ ਮਜਬੂਰੀ ਵਸ ਪਰਾਲੀ ਫੂਕਣ ਵਾਲੇ ਕਿਸਾਨਾਂ ਨੂੰ ਪ੍ਰਸ਼ਾਸਨ ਨੇ ਰੋਕਿਆ ਤਾਂ ਯੂਨੀਅਨ ਡਟ ਕੇ ਵਿਰੋਧ ਕਰੇਗੀ ਅਤੇ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ।