ਅਸ਼ੋਕ ਵਰਮਾ
- 24 ਜਨਵਰੀ ਨੂੰ ਮਲੋਟ ’ਚ ਡਿਪਟੀ ਸਪੀਕਰ ਨੂੰ ਸੌਂਪਣਗੇ ਰੋਸ ਪੱਤਰ
ਬਠਿੰਡਾ (ਲੰਬੀ), 20 ਜਨਵਰੀ 2020 - ਪੰਚਾਇਤੀ ਜ਼ਮੀਨਾਂ ਬਚਾਓ ਐਕਸ਼ਨ ਪੰਜਾਬ ਦੇ ਸੱਦੇ ’ਤੇ 24 ਜਨਵਰੀ ਨੂੰ ਮਲੋਟ ਵਿਖੇ ਰੋਸ ਪ੍ਰਦਰਸ਼ਨ ਕਰਕੇ ਹਲਕਾ ਵਿਧਾਇਕ ਅਤੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੂੰ ਰੋਸ ਪੱਤਰ ਸੌਂਪਣ ਦੇ ਉਲੀਕੇ ਪ੍ਰੋਗਰਾਮ ਦੀ ਤਿਆਰੀ ਸਬੰਧੀ ਪਿੰਡ ਸਿੰਘੇਵਾਲਾ ਵਿਖੇ ਇੱਕਤਰਤਾ ਕੀਤੀ ਗਈ। ਇਸ ਇਕੱਠ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਜ਼ਿਲਾ ਕਮੇਟੀ ਮੈਂਬਰ ਬਾਜ ਸਿੰਘ ਭੁੱਟੀਵਾਲਾ, ਰਾਜਾ ਸਿੰਘ ਖੂਨਣ ਖੁਰਦ ਤੋਂ ਇਲਾਵਾ ਕਾਲਾ ਸਿੰਘ ਤੇ ਗੁਰਮੇਲ ਕੌਰ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਦੋਸ਼ ਲਾਇਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਲੱਖਾਂ ਬੇਘਰੇ ਤੇ ਲੋੜਵੰਦ ਮਜ਼ਦੂਰ ਪਰਿਵਾਰਾਂ ਨੂੰ ਪਲਾਟ ਦੇਣ ਅਤੇ ਸਾਂਝੀਆਂ-ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਜ਼ਮੀਨ ਕਾਨੂੰਨ ਮੁਤਾਬਕ ਮਜ਼ਦੂਰਾਂ ਨੂੰ ਠੇਕੇ ’ਤੇ ਦੇਣਾ ਯਕੀਨੀ ਕਰਨ ਦੀ ਥਾਂ ਇਹ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦੇ ਰਾਹ ਪੈ ਗਈ ਹੈ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਇਸ ਫੈਸਲੇ ਰਾਹੀਂ ਇੱਕ ਪਾਸੇ ਜ਼ਮੀਨ ਅਤੇ ਪਲਾਟ ਹਾਸਲ ਕਰਨ ਲਈ ਮਜ਼ਦੂਰਾਂ ’ਚ ਵਧ ਰਹੀ ਜਾਗਰਤੀ ਤੇ ਫੁੱਟ ਰਹੇ ਘੋਲਾਂ ਨੂੰ ਫੇਟ ਮਾਰਨਾ ਚਾਹੰੁਦੀ ਹੈ ਤੇ ਦੂਜੇ ਪਾਸੇ ਇਹ ਜ਼ਮੀਨਾਂ ਆਪਣੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਵੇਚ ਕੇ ਉਹਨਾਂ ਦੇ ਹਿੱਤ ਪੂਰਨ ਦੇ ਨਾਲ-ਨਾਲ ਕਾਂਗਰਸੀ ਲੀਡਰ ਤੇ ਅਫ਼ਸਰਸ਼ਾਹੀ ਇਸ ਧੰਦੇ ’ਚੋਂ ਕਮਿਸ਼ਨਾਂ ਰਾਹੀਂ ਹੱਥ ਰੰਗਣਾ ਚਾਹੁੰਦੀ ਹੈ। ਉਹਨਾਂ ਐਲਾਨ ਕੀਤਾ ਕਿ ਸਰਕਾਰ ਦੇ ਇਸ ਲੋਕ ਤੇ ਮਜ਼ਦੂਰ ਵਿਰੋਧੀ ਫੈਸਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ 24 ਜਨਵਰੀ ਨੂੰ ਪੰਜਾਬ ’ਚ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਵੱਲ ਮਾਰਚ ਕਰਕੇ ਰੋਸ ਪੱਤਰ ਸੌਂਪ ਕੇ ਮੰਗ ਕੀਤੀ ਜਾਵੇਗੀ ਕਿ, ਸਾਂਝੀਆਂ ਸ਼ਾਮਲਾਟ ਜ਼ਮੀਨਾਂ ਵੇਚਣ ਦਾ ਫੈਸਲਾ ਰੱਦ ਕੀਤਾ ਜਾਵੇ, ਇਹਨਾਂ ਜ਼ਮੀਨਾਂ ਦਾ ਤੀਜਾ ਹਿੱਸਾ ਜ਼ਮੀਨ ਦਲਿਤ ਪਰਿਵਾਰਾਂ ਨੂੰ ਸਸਤੇ ਭਾਅ ਦੇਣਾ ਯਕੀਨੀ ਕੀਤਾ ਜਾਵੇ, ਬੇਘਰੇ ਤੇ ਲੋੜਵੰਦਾਂ ਨੂੰ ਦਸ-ਦਸ ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਕੱਟੇ ਪਲਾਟਾਂ ਦਾ ਕਬਜ਼ਾ ਦਿੱਤਾ ਜਾਵੇ। ਇਸ ਮੌਕੇ ਮੋਦੀ ਹਕੂਮਤ ਵੱਲੋਂ ਦੇਸ਼ ’ਚ ਫਿਰਕੂ ਵੰਡੀਆਂ ਪਾਉਣ ਲਈ ਸੀ.ਏ.ਏ. ਤੇ ਐਨ.ਆਰ.ਸੀ. ਲਾਗੂ ਕਰਨ ਵਾਲੇ ਫੈਸਲੇ ਦੇ ਵਿਰੋਧ ’ਚ ਵੀ ਮਤੇ ਪਾਸ ਕੀਤੇ ਗਏ।