ਜਗਦੀਸ਼ ਥਿੰਦ
ਅਬੋਹਰ/ਫ਼ਾਜ਼ਿਲਕਾ, 20 ਜਨਵਰੀ:
ਡਿਪਟੀ ਕਮਿਸ਼ਨਰ ਸ੍ਰੀ ਮਨਪ੍ਰੀਤ ਸਿੰਘ ਛੱਤਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦਫ਼ਤਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਬੋਹਰ ਵਿਖੇ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਵਿਸ਼ੇਸ ਕੈਂਪ ਲਗਾਇਆ ਗਿਆ। ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਵੱਖ ਵੱਖ ਭਲਾਈ ਯੋਜਨਾਵਾਂ ਨੰੂ ਲੋੜਵੰਦ ਲੋਕਾਂ ਦੇ ਘਰਾਂ ਦੇ ਨੇੜੇ ਪਹੰੁਚ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰੇਕ ਸਬ ਡਵੀਜ਼ਨ ਪੱਧਰ ’ਤੇ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਕੈਂਪ ਲਗਾਏ ਜਾ ਰਹੇ ਹਨ, ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਸਰਕਾਰ ਦੀਆਂ ਯੋਜਨਾਵਾਂ ਤੋਂ ਵਾਂਝਾਂ ਨਾ ਰਹੇ।
ਇਸ ਮੌਕੇ ਸਕੱਤਰ ਜ਼ਿਲ੍ਹਾ ਪ੍ਰੀਸ਼ਦ ਸ. ਰਣਜੀਤ ਸਿੰਘ ਨੇ ਦੱਸਿਆ ਕਿ ਵੱਖ ਵੱਖ ਵਿਭਾਗਾਂ ਵੱਲੋਂ ਸਰਕਾਰੀ ਯੋਜਨਾਵਾਂ ਲਈ ਲਗਾਏ ਸਟਾਲਾਂ ਤੇ 993 ਲੋੜਵੰਦਾਂ ਵੱਲੋਂ ਫਾਰਮ ਭਰੇ ਗਏ ਹਨ, ਜਿਨ੍ਹਾਂ ਨੰੂ ਸਮੇਂ ਰਹਿੰਦੇ ਕਾਰਵਾਈ ਕਰਕੇ ਸਰਕਾਰੀ ਯੌਜਨਾਵਾਂ ਦਾ ਲਾਭ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ 5-5 ਮਰਲੇ ਦੇ ਪਲਾਟਾਂ ਲਈ 14 ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ ਜਦਕਿ ਮਗਨਰੇਗਾ ਅਧੀਨ ਜੌਬ ਕਾਰਡ ਬਣਾਉਣ ਲਈ 1 ਲੋੜਵੰਦਾਂ ਵੱਲੋਂ ਫ਼ਾਰਮ ਭਰੇ ਗਏ। ਇਸੇ ਤਰ੍ਹਾਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਪਖਾਨੇ ਬਣਾਉਣ ਲਈ 788 ਅਰਜ਼ੀਆਂ ਪ੍ਰਾਪਤ ਹੋਇਆਂ।
ਉਨ੍ਹਾਂ ਦੱਸਿਆ ਕਿ ਨਵੇਂ ਬਿਜਲੀ ਕੁਨੈਕਸ਼ਨ ਲਈ 1, ਸਮਾਜਿਕ ਸੁਰੱਖਿਆ ਅਤੇ ਬਾਲ ਤੇ ਮਹਿਲ ਵਿਕਾਸ ਵਿਭਾਗ ਅਧੀਨ ਪੈਨਸ਼ਨ ਲਈ 45, ਲੀਡ ਬੈਂਕ ਵੱਲੋਂ ਅਟਲ ਪੈਨਸ਼ਨ ਯੋਜਨਾ ਤਹਿਤ 13, ਪ੍ਰਧਾਨ ਮੰਤਰੀ ਜੀਵਨ ਜੋਤੀ ਤਹਿਤ 20, ਸੁਕੰਨਿਆ ਸਮਰਿਧੀ ਯੋਜਨਾ ਤਹਿਤ 4, ਐਸ.ਸੀ. ਬੀ.ਸੀ. ਤੇ ਹੋਰ ਯੋਜਨਾਵਾਂ ਤਹਿਤ 6, ਆਟਾ ਦਾਲ ਸਕੀਮ ਤਹਿਤ 3 ਅਤੇ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਕੱਚੇ ਮਕਾਨ ਨੂੰ ਪੱਕਾ ਕਰਵਾਉਣ ਲਈ 98 ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ।