ਦਿੱਲੀ ਚੋਣਾਂ : ਅਕਾਲੀ ਦਲ ਦੀ ਭਾਜਪਾ ਨਾਲ ਯਾਰੀ ਟੁੱਟੀ, ਵੱਖਰੇ ਉਮੀਦਵਾਰ ਖੜੇ ਕਰਨ ਦਾ ਫੈਸਲਾ
ਨਵੀਂ ਦਿੱਲੀ, 20 ਜਨਵਰੀ, 2020 : ਦਿੱਲੀ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਗਠਜੋੜ ਟੁੱਟਣ ਅਤੇ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰ ਵੱਖਰੇ ਖੜੇ ਕਰਨ ਦਾ ਫੈਸਲਾ ਸਾਹਮਣੇ ਆਇਆ ਹੈ। ਭਾਜਪਾ ਦਿੱਲੀ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਇਕ ਪ੍ਰੈਸ ਕਾਨਫਰੰਸ ਵਿਚ ਇਹ ਖੁਲਾਸਾ ਕੀਤਾ ਕਿ ਭਾਜਪਾ ਤਿੰਨ ਸੀਟਾਂ JDU ਅਤੇ LJP ਲਈ ਛੱਡਣ ਲਈ ਤਿਆਰ ਹੈ ਪਰ ਉਹਨਾਂ ਅਕਾਲੀ ਦਲ ਦੀ ਕੋਈ ਗੱਲ ਨਹੀਂ ਕੀਤੀ ਤੇ ਇਸ ਤਰਾਂ ਭਾਜਪਾ ਨੇ ਅਕਾਲੀ ਦਲ ਨਾਲ ਸਾਂਝ ਤੋੜਨ ਦੀ ਪਹਿਲ ਖੁਦ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਦੇ ਇੰਚਾਰਜ ਸ੍ਰ ਬਲਵਿੰਦਰ ਸਿੰਘ ਭੂੰਦੜ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸੀਟਾਂ ਨੂੰ ਲੈ ਕੇ ਭਾਜਪਾ ਨਾਲ ਨਿਬੇੜਾ ਨਹੀਂ ਹੋਇਆ। ਉਹਨਾਂ ਦੱਸਿਆ ਕਿ ਭਾਜਪਾ ਇਸ ਗੱਲ 'ਤੇ ਜ਼ੋਰ ਦੇ ਰਹੀ ਹੈ ਕਿ ਸਾਡੇ ਉਮੀਦਵਾਰ ਕਮਲ ਦੇ ਚੋਣ ਨਿਸ਼ਾਨ 'ਤੇ ਚੋਣਾਂ ਲੜਨ ਅਤੇ ਉਹ ਇਕ ਉਮੀਦਵਾਰ ਆਪਣੇ ਵੱਲੋਂ ਵੀ ਪਾਰਟੀ ਦੇ ਖਾਤੇ ਆਉਂਦੀਆਂ ਸੀਟਾਂ 'ਤੇ ਖੜਾ ਕਰਨਾ ਚਾਹੁੰਦੀ ਹੈ।
ਸ੍ਰ ਭੂੰਦੜ ਨੇ ਦੱਸਿਆ ਕਿ ਜੇਕਰ ਭਾਜਪਾ ਨਾਲ ਨਿਬੇੜਾ ਨਾ ਹੋਇਆ ਤਾਂ ਫਿਰ ਅਸੀਂ 8 ਤੋਂ 10 ਸੀਟਾਂ 'ਤੇ ਆਪਣੇ ਉਮੀਦਵਾਰ ਖੜੇ ਕਰਾਂਗੇ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. Êਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਚਾਰ ਉਮੀਦਵਾਰ ਕੱਲ• 21 ਜਨਵਰੀ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਉਹਨਾਂ ਦੱਸਿਆ ਕਿ ਇਹ ਸੀਟਾਂ ਰਾਜੌਰੀ ਗਾਰਡਨ, ਹੀਰਾ ਨਗਰ, ਸ਼ਾਹਦਰਾ ਤੇ ਕਾਲਕਾ ਜੀ ਹਨ। ਉਹਨਾਂ ਦੱਸਿਆ ਕਿ ਪਾਰਟੀ ਦੇ ਉਮੀਦਵਾਰ ਤੈਅ ਹਨ ਜਿਹਨਾਂ ਵਿਚ ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ, ਡਿੰਪਲ ਚੱਢਾ ਤੇ ਬੱਬੂ ਸ਼ਾਮਲ ਹਨ।
ਰਾਜਧਾਨੀ ਵਿਚ ਵਿਧਾਨ ਸਭਾ ਚੋਣਾਂ ਵਾਸਤੇ ਦੋਹਾਂ ਪਾਰਟੀਆਂ ਵਿਚਾਲੇ ਗਠਜੋੜ ਟੁੱਟਣ ਦਾ ਅਸਰ ਪੰਜਾਬ 'ਤੇ ਕਿਵੇਂ ਪਵੇਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਜ਼ਰੂਰ ਤੈਅ ਹੈ ਕਿ ਅਕਾਲੀ ਦਲ ਦੇ ਵੱਖਰੇ ਤੌਰ 'ਤੇ ਚੋਣ ਲੜਨ ਨਾਲ ਪੰਜਾਬ ਵਿਚ ਦੋਵਾਂ ਭਾਈਵਾਲਾਂ ਵਿਚ ਕੁੜਤਣ ਜ਼ਰੂਰ ਆਵੇਗੀ।