ਅਸ਼ੋਕ ਵਰਮਾ
ਬਠਿੰਡਾ, 20 ਜਨਵਰੀ 2020 - ਜਾਗਰੂਕ ਅਤੇ ਚੇਤੰਨ ਲੋਕਾਂ ਨੂੰ ਮੋਦੀ ਹਕੂਮਤ ਦੀਆਂ ਫ਼ਾਸ਼ੀਵਾਦੀ ਅਤੇ ਫੁੱਟ-ਪਾਊ ਫ਼ੈਸਲਿਆਂ ਨੂੰ ਰੱਦ ਕਰਨ ਦੀ ਅਪੀਲ ਕਰਦਿਆਂ ਪੰਥਕ ਜਥੇਬੰਦੀਆਂ ਦਲ ਖ਼ਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਨੇ ਭਾਰਤ ਦੇ 70ਵੇਂ ਗਣਤੰਤਰ ਦਿਵਸ ਮੌਕੇ 25 ਜਨਵਰੀ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ । ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਬੰਦ ਭਾਜਪਾ ਦੇ ਹਿੰਦੂ ਰਾਸ਼ਟਰ ਦੇ ਏਜੰਡੇ, ਫੁੱਟ-ਪਾਉ ਕਾਨੂੰਨਾਂ ਤੇ ਸੰਵਿਧਾਨਕ ਧੱਕੇਸ਼ਾਹੀਆਂ ਦੇ ਵਿਰੋਧ ਵਿਚ ਹੋਵੇਗਾ। ਉਨ੍ਹਾਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਦੇਸ਼ ਭਰ ਵਿਚ ਉੱਠੀ ਲੋਕ ਲਹਿਰ ਨੂੰ ਡੰਡੇ ਜਾ ਗੋਲ਼ੀਆਂ ਦੇ ਜ਼ੋਰ ਨਾਲ ਦਬਾ ਲੈਣ ਦਾ ਭਰਮ ਮੋਦੀ ਸਰਕਾਰ ਪਾਲੀ ਬੈਠੀ ਹੈ। ਉਨ੍ਹਾਂ ਕਿਹਾ ਕਿ ਬੰਦ ਮੋਦੀ ਸਰਕਾਰ ਦੀਆਂ ਤਮਾਮ ਫਿਰਕੂ ਅਤੇ ਤਾਨਾਸ਼ਾਹੀ ਫ਼ੈਸਲਿਆਂ ਦੇ ਵਿਰੁੱਧ ਪੰਜਾਬ ਦਾ ਫ਼ਤਵਾ ਹੋਵੇਗਾ। ਇਹ ਬੰਦ ਪੰਜਾਬ ਦੇ ਹਰ ਵਰਗ ਦੀ ਆਵਾਜ਼ ਬਣੇਗਾ।
ਦਲ ਖ਼ਾਲਸਾ ਆਗੂ ਨੇ ਕਿਹਾ ਕਿ ਕਿਹਾ ਕਿ ਕਸ਼ਮੀਰ ਅੰਧਰ ਧਾਰਾ 370 ਨੂੰ ਰੱਦ ਕਰਨਾ, ਅਦਾਲਤ ਦਾ ਫ਼ੈਸਲਾ ਰਾਮ ਮੰਦਰ ਦੇ ਹੱਕ ਵਿਚ ਕਰਵਾਉਣਾ ਅਤੇ ਹੁਣ ਨਾਗਰਿਕਤਾ ਸੋਧ ਕਾਨੂੰਨ ਬਣਾਉਣਾ ਅਤੇ ਐੱਨਆਰਸੀ ਦਾ ਪ੍ਰਸਤਾਵ ਦੀ ਗੱਲ ਕਰਨਾ ਇਹ ਸਿੱਧ ਕਰਦਾ ਹੈ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਵਿਚ ਬਦਲਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਪੰਜਾਬ ਦੇ ਮੁਸਲਮਾਨਾਂ, ਇਸਾਈਆਂ, ਹਿੰਦੂਆਂ, ਦਲਿਤਾਂ ਅਤੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ 25 ਜਨਵਰੀ ਨੂੰ ਆਪਣੇ ਵਿਦਿਅਕ ਅਤੇ ਵਪਾਰਕ ਅਦਾਰਿਆਂ, ਬੈਂਕ, ਪੈਟਰੋਲ ਪੰਪਾਂ ਨੂੰ ਬੰਦ ਰੱਖਣ ਤਾਂ ਜੋ ਦਿੱਲੀ ਦੀ ਮੋਦੀ-ਸ਼ਾਹ ਸਰਕਾਰ ਨੂੰ ਕਰਾਰਾ ਸੁਨੇਹਾ ਦਿੱਤਾ ਜਾ ਸਕੇ ਕਿ ਪੰਜਾਬ ਭਾਜਪਾ ਦੀ ਫਾਸ਼ੀਵਾਦੀ ਵਿਚਾਰਧਾਰਾ ਦੇ ਵਿਰੋਧ ਵਿਚ ਖੜ੍ਹਾ ਹੈ।
ਇਸ ਮੌਕੇ ਦਲ ਖ਼ਾਲਸਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਨਥਾਣਾ, ਜਨਰਲ ਸਕੱਤਰ ਬਲਕਰਨ ਸਿੰਘ ਡੱਬਵਾਲੀ, ਮੀਤ ਪ੍ਰਧਾਨ ਜੀਵਨ ਸਿੰਘ ਗਿੱਲ ਕਲਾਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸ਼ਹਿਰੀ ਪ੍ਰਧਾਨ ਹਰਫੂਲ ਸਿੰਘ ਬਠਿੰਡਾ, ਪ੍ਰਰੈਸ ਸਕੱਤਰ ਸੁਖਦੇਵ ਸਿੰਘ ਕਾਲਾ, ਮਹਿੰਦਰ ਸਿੰਘ ਖ਼ਾਲਸਾ, ਦਿਹਾਤੀ ਆਗੂ ਮਨਜੀਤ ਸਿੰਘ ਸੀਰਾ, ਯਾਦਵਿੰਦਰ ਸਿੰਘ ਭਾਗੀਬਾਂਦਰ, ਬਿੱਲੂ ਸਿੰਘ ਨਰੂਆਣਾ, ਅਮਰ ਸਿੰਘ ਗਹਿਰੀ ਭਾਗੀ, ਬਲਦੇਵ ਸਿੰਘ ਗਹਿਰੀ ਭਾਗੀ, ਪੱਪੀ ਸਿੰਘ ਪੰਚ ਮਲਕਾਣਾ, ਨਛੱਤਰ ਸਿੰਘ ਮਲਕਾਣਾ, ਗੁਰਤੇਜ ਸਿੰਘ ਨਰੂਆਣਾ, ਸੁਰਜਨ ਸਿੰਘ ਕੋਟਲੀ ਮੁਸਲਮਾਨ ਭਾਈਚਾਰੇ ਵਿਚੋਂ ਅਸਰਫ਼, ਸੁਖਦੇਵ ਖਾਨ ਅਤੇ ਸਿੱਖ ਯੂਥ ਆਫ ਪੰਜਾਬ ਦੇ ਆਗੂ ਵੀ ਸ਼ਾਮਲ ਸਨ।