ਲੋਕੇਸ਼ ਰਿਸ਼ੀ
- ਰਿਕਸ਼ੇ ਵਾਲੇ ਕੋਲੋਂ ਕਰਜ਼ ਦੇ 40 ਹਜ਼ਾਰ ਲੁੱਟਣ ਲਈ ਲੁਟੇਰਿਆਂ ਨੇ ਕੀਤੇ 3 ਫਾਇਰ, ਦੋ ਮਸਾਂ ਬਚੇ
ਗੁਰਦਾਸਪੁਰ, 20 ਜਨਵਰੀ 2020 - ਬਟਾਲਾ 'ਚ ਲੁੱਟ ਖੋਹ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ ਅਤੇ ਮੌਜੂਦਾ ਹਾਲਤਾਂ ਮੁਤਾਬਿਕ ਇੱਥੋਂ ਦੀ ਪੰਜਾਬ ਪੁਲਿਸ ਤਮਾਸ਼ਬੀਨ ਬਣੀ ਨਜ਼ਰ ਆ ਰਹੀ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਉਸ ਵੇਲੇ ਪ੍ਰਕਾਸ਼ ਵਿੱਚ ਆਇਆ। ਜਦੋਂ ਇੱਕ ਗ਼ਰੀਬ ਰਿਕਸ਼ੇ ਵਾਲਾ ਬੈਂਕ ਤੋਂ ਲਏ ਲੋਨ ਵਿੱਚੋਂ 40 ਹਜ਼ਾਰ ਰੁਪਏ ਕਢਵਾ ਕੇ ਆਪਣੇ ਪਿੰਡ ਪਰਤ ਰਿਹਾ ਸੀ। ਘਟਨਾ ਦੌਰਾਨ ਪੈਸੇ ਖੋਹਣ ਦੀ ਨੀਅਤ ਨਾਲ ਆਏ ਦੋ ਕਾਰ ਸਵਾਰ ਲੁਟੇਰਿਆਂ ਨੇ ਨਾ ਸਿਰਫ਼ ਇਸ ਪਰਿਵਾਰ ਦੇ ਪੈਸਿਆਂ ਵਾਲਾ ਲਿਫ਼ਾਫ਼ਾ ਖੋਹ ਲਿਆ। ਬਲ ਕਿ ਇਸ ਘਟਨਾ ਨੂੰ ਅੰਜਾਮ ਦੇਣ ਲਈ ਆਪਣੀ ਪਿਸਤੌਲ ਨਾਲ 3 ਫਾਇਰ ਵੀ ਕਰ ਦਿੱਤੇ। ਘਟਨਾ ਦੌਰਾਨ ਇੱਕ ਗੋਲੀ ਰਿਕਸ਼ੇ ਵਾਲੇ ਦੇ ਲੱਗਣ ਕਾਰਨ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਫ਼ਿਲਹਾਲ ਉਸ ਦੀ ਹਾਲਤ ਚਿੰਤਾ ਜਨਕ ਬਣੀ ਹੋਈ ਹੈ।
ਘਟਨਾ ਦੌਰਾਨ ਜ਼ਖ਼ਮੀ ਹੋਏ ਮੋਤੀ ਲਾਲ ਨੇ ਦੱਸਿਆ ਕਿ ਉਹ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ। ਉਸ ਦੀ ਭਰਜਾਈ ਨੇ ਬੈਂਕ ਤੋਂ ਕਰਜ਼ ਲਿਆ ਸੀ ਅਤੇ ਅੱਜ ਉਹ ਉਸੇ ਕਰਜ਼ ਵਿੱਚੋਂ 40 ਹਜ਼ਾਰ ਰੁਪਏ ਕਢਵਾ ਕੇ ਉਸ ਦੇ ਰਿਕਸ਼ੇ 'ਤੇ ਪਿੰਡ ਨੂੰ ਜਾ ਰਹੇ ਸਨ। ਇਸੇ ਦੌਰਾਨ ਜਦੋਂ ਉਹ ਪਿੰਡ ਦੇ ਭੱਠੇ ਨਜ਼ਦੀਕ ਪਹੁੰਚੇ ਤਾਂ ਇੱਕ ਕਾਰ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਅਤੇ ਪੈਸਿਆਂ ਦੀ ਮੰਗ ਕੀਤੀ ਗਈ। ਮੋਤੀ ਲਾਲ ਨੇ ਦੱਸਿਆ ਕਿ ਲੁਟੇਰਿਆਂ ਵੱਲੋਂ ਪਿਸਤੌਲ ਵਿਖਾ ਕੇ ਪੈਸਿਆਂ ਦੀ ਮੰਗ ਕੀਤੀ ਗਈ। ਪਰ ਉਸ ਨੂੰ ਪਿਸਤੌਲ ਨਕਲੀ ਲੱਗੀ ਅਤੇ ਇਸੇ ਕਾਰਨ ਉਸ ਨੇ ਸੜਕ ਤੇ ਪਏ ਰੋੜੇ ਚੁੱਕਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਖਫਾ ਲੁਟੇਰਿਆਂ ਵੱਲੋਂ ਉਸ ਦੀ ਲੱਤ ਵਿੱਚ ਗੋਲੀ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਰਣਜੀਤ ਕੌਰ ਵਾਸੀ ਪਿੰਡ ਗੁੱਜਰ ਪੁਰਾ ਨੇ ਦੱਸਿਆ ਕਿ ਉਸ ਨੇ ਬੈਂਕ ਤੋਂ ਕਰਜ਼ ਲਿਆ ਸੀ ਅਤੇ ਅੱਜ ਉਹ ਆਪਣੇ ਪਤੀ ਅਤੇ ਦਿਉਰ ਮੋਤੀ ਲਾਲ ਨਾਲ ਬੈਂਕ ਵਿੱਚੋਂ 40 ਹਜ਼ਾਰ ਰੁਪਏ ਕਢਵਾ ਕੇ ਦਿਉਰ ਦੇ ਰਿਕਸ਼ੇ ਤੇ ਪਿੰਡ ਪਰਤ ਰਹੇ ਸਨ। ਇਸੇ ਦੌਰਾਨ ਹੀ ਇੱਕ ਕਾਰ ਨੇ ਉਨ੍ਹਾਂ ਦਾ ਰਸਤਾ ਰੋਕਿਆ ਅਤੇ ਉਸ ਵਿੱਚ ਆਏ ਦੋ ਸਿੱਖ ਨੌਜਵਾਨਾਂ ਨੇ ਪਿਸਤੌਲ ਵਿਖਾ ਕੇ ਪੈਸਿਆਂ ਵਾਲੇ ਲਿਫ਼ਾਫ਼ੇ ਦੀ ਮੰਗ ਕੀਤੀ। ਪਰ ਇਨਕਾਰ ਕਰਨ ਤੇ ਇੱਕ ਨੌਜਵਾਨ ਨੇ ਉਸ ਦੇ ਦਿਉਰ ਮੋਤੀ ਲਾਲ ਤੇ ਗੋਲੀ ਚਲਾ ਦਿੱਤੀ ਅਤੇ ਮੋਤੀ ਲਾਲ ਉੱਥੇ ਹੀ ਡਿੱਗ ਪਿਆ। ਬਾਅਦ ਵਿੱਚ ਉਨ੍ਹਾਂ ਨੇ ਇੱਕ ਗੋਲੀ ਰਣਜੀਤ ਕੌਰ ਤੇ ਚਲਾਈ ਪਰ ਉਹ ਪਰ ਉਹ ਚੰਗੀ ਕਿਸਮਤ ਨਾਲ ਬੱਚ ਗਈ। ਨਾਲ ਹੀ ਲੁਟੇਰਿਆਂ ਨੇ ਰਣਜੀਤ ਕੌਰ ਦੇ ਪਤੀ ਤੇ ਵੀ ਇੱਕ ਫਾਇਰ ਕੀਤਾ। ਪਰ ਉਹ ਬੱਚ ਕੇ ਖੇਤਾਂ ਵੱਲ ਨੂੰ ਭੱਜ ਗਿਆ ਅਤੇ ਆਪਣੀ ਜਾਨ ਬਚਾਈ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਜ਼ਖ਼ਮੀ ਨੂੰ ਬਟਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੋਂ ਦੇ ਡਾਕਟਰਾਂ ਨੇ ਉਸ ਦੀ ਵਿਗੜਦੀ ਹਾਲਤ ਨੂੰ ਵੇਖਦਿਆਂ ਹੋਇਆਂ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ।
ਉੱਥੇ ਦੂਜੇ ਪਾਸੇ ਇਲਾਕੇ ਦੇ ਡੀਐਸਪੀ ਬਲਬੀਰ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਮੌਕਾ ਵਾਰਦਾਤ ਤੋਂ 32 ਬੋਰ ਦੇ 2 ਖੋਲ੍ਹ ਬਰਾਮਦ ਹੋਏ ਹਨ। ਨਾਲ ਹੀ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮੁਲਜ਼ਮਾਂ ਦੀ ਲਗਭਗ ਸ਼ਨਾਖ਼ਤ ਕਰ ਲਈ ਗਈ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।