ਅੰਮ੍ਰਿਤਸਰ, 21 ਜਨਵਰੀ, 2020 - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਮੇਘਾ ਸਲਵਾਨ ਦੀ ਪੁਸਤਕ ਕਹਾਣੀ ਵਿਧਾ ਅਤੇ ਸਮਾਜ ਮਨੋਵਿਗਿਆਨ ਰਿਲੀਜ਼ ਕੀਤੀ ਗਈ। ਇਸ ਮੌਕੇ ਵਿਭਾਗ ਦੇ ਅਧਿਆਪਕ, ਵਿਦਿਆਰਥੀ ਅਤੇ ਖੋਜਾਰਥੀ ਮੌਜੂਦ ਸਨ।
ਵਿਭਾਗ ਦੇ ਮੁਖੀ ਡਾ. ਦਰਿਆ ਨੇ ਕਿਹਾ ਕਿ ਡਾ. ਮੇਘਾ ਸਲਵਾਨ ਅਧਿਐਨ ਤੇ ਅਧਿਆਪਨ ਨਾਲ ਨਿਰੰਤਰ ਤੌਰ ’ਤੇ ਜੁੜੇ ਹੋਏ ਹਨ ਅਤੇ ਕਹਾਣੀ ਵਿਧਾ ਨਾਲ ਸੰਬੰਧਿਤ ਇਹ ਪੁਸਤਕ ਕਹਾਣੀ ਅਧਿਐਨ ਖੇਤਰ ਵਿਚ ਨਵੀਆਂ ਦਿਸ਼ਾਵਾਂ ਸਥਾਪਿਤ ਕਰਦੀ ਹੈ। ਇਸ ਮੌਕੇ ਡਾ. ਰਮਿੰਦਰ ਕੌਰ ਨੇ ਕਿਹਾ ਕਿ ਡਾ. ਮੇਘਾ ਸਲਵਾਨ ਨੇ ਕਹਾਣੀ ਦੇ ਸਮਾਜਕ ਮਨੋਵਿਗਿਆਨਕ ਅਧਿਐਨ ਰਾਹੀਂ ਕਹਾਣੀ ਵਿਚਲੇ ਪਾਤਰਾਂ ਦੇ ਸੁਭਾਅ ਦੀ ਜਟਿਲਤਾ ਤੇ ਦਵੰਦ ਨੂੰ ਉਹਨਾਂ ਦੇ ਪਰਿਵੇਸ਼ ਅਤੇ ਆਲੇ-ਦੁਆਲੇ ਨਾਲ ਜੋੜ ਕੇ ਸਿੱਟੇ ਕੱਢਣ ਦੀ ਕੋਸ਼ਿਸ਼ ਕੀਤੀ ਹੈ।
ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਡਾ. ਮੇਘਾ ਸਲਵਾਨ ਪੰਜਾਬੀ ਗਲਪ ਅਧਿਐਨ ਦੇ ਖੇਤਰ ਵਿਚ ਉਭਰ ਰਹੇ ਆਲੋਚਕ ਹਨ। ਇਸ ਪੁਸਤਕ ਰਾਹੀਂ ਉਹਨਾਂ ਨੇ ਕਹਾਣੀ ਦੀ ਵਿਧਾ ਦੇ ਵਿਸ਼ੇਸ਼ ਸੰਦਰਭ ਵਿਚ ਸਾਹਿਤ, ਸਮਾਜ ਅਤੇ ਮਨੋਵਿਗਿਆਨ ਦੇ ਅੰਤਰ ਸੰਬੰਧਾਂ ਨੂੰ ਬਹੁਤ ਬਾਰੀਕੀ ਨਾਲ ਸਮਝਣ ਸਮਝਾਉਣ ਦਾ ਯਤਨ ਕੀਤਾ ਹੈ। ਪੁਸਤਕ ਦੇ ਲੇਖਕ ਡਾ. ਮੇਘਾ ਸਲਵਾਨ ਨੇ ਆਖਿਆ ਕਿ ਕਹਾਣੀ ਵਿਧਾ ਅਤੇ ਸਮਾਜਕ ਮਨੋਵਿਗਿਆਨ ਪੁਸਤਕ ਸਾਹਿਤ, ਸਮਾਜਕ ਪਰਿਵੇਸ਼ ਅਤੇ ਮਨੁੱਖੀ ਮਨ ਦੇ ਅੰਤਰਕਿਰਿਆਤਮਕ ਸੰਬੰਧ ਨੂੰ ਕਹਾਣੀ ਵਿਧਾ ਦੇ ਹਵਾਲੇ ਨਾਲ ਪ੍ਰਗਟਾਉਂਦੀ ਹੈ। ਇਸ ਮੌਕੇ ਵਿਭਾਗ ਦੇ ਮੁਖੀ ਡਾ. ਦਰਿਆ, ਡਾ. ਰਮਿੰਦਰ ਕੌਰ, ਡਾ. ਮਨਜਿੰਦਰ ਸਿੰਘ, ਡਾ. ਮੇਘਾ ਸਲਵਾਨ, ਡਾ. ਬਲਜੀਤ ਕੌਰ ਰਿਆੜ, ਡਾ. ਹਰਿੰਦਰ ਸਿੰਘ ਤੁੜ, ਡਾ. ਸੁਖਪ੍ਰੀਤ, ਡਾ. ਕੰਵਲਜੀਤ ਕੌਰ, ਡਾ. ਇੰਦਰਪ੍ਰੀਤ ਕੌਰ, ਅਸ਼ੋਕ ਭਗਤ, ਅੰਜੂ ਬਾਲਾ ਅਤੇ ਵਿਭਾਗ ਦੇ ਖੋਜ ਵਿਦਿਆਰਥੀ ਹਾਜ਼ਰ ਸਨ।