ਤਲੇ ਪਦਾਰਥਾਂ ਤੋਂ ਬਣਾਓ ਦੂਰੀ, ਗੁਰਦਿਆਂ ਦੀ ਰਾਖੀ ਲਈ ਸੈਰ ਜਰੂਰੀ : ਡਾ ਸੁਨੀਲ
ਪਟਿਆਲਾ, 21 ਜਨਵਰੀ 2020 - ਫੌਰਟਿਸ ਹਸਪਤਾਲ ਮੋਹਾਲੀ ਦੇ ਗੁਰਦਾ ਰੋਗ ਮਾਹਿਰ ਸੀਨੀਅਰ ਸਰਜਨ ਡਾ ਸੁਨੀਲ ਕੁਮਾਰ ਨੇ ਕਿਹਾ ਕਿ ਗੁਰਦਿਆਂ ਦੀ ਤੰਦਰੁਸਤੀ ਲਈ ਜਿੱਥੇ ਸਾਨੂੰ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਉਥੇ ਹੀ ਰੋਜਾਨਾ ਸੈਰ ਦੀ ਆਦਤ ਵੀ ਬਣਾਉਣੀ ਚਾਹੀਦੀ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਖਾਸ ਤੌਰ ‘ਤੇ 30 ਸਾਲ ਤੋਂ 50 ਸਾਲ ਦੀ ਉਮਰ ਵਿੱਚ ਤਲੇ ਹੋਏ ਪਦਾਰਥਾਂ ਦੀ ਵਰਤੋਂ ਘੱਟ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਪਾਣੀ ਪੀਣ ਦੀ ਆਦਤ ਵੀ ਗੁਰਦਿਆਂ ਦੀ ਰੋਗ ਤੋਂ ਰਖਵਾਲੀ ਕਰਦੀ ਹੈ।
ਜਿਕਰਯੋਗ ਹੈ ਕਿ ਡਾਕਟਰ ਸੁਨੀਲ ਨੇ ਪੀ.ਜੀ.ਆਈ ਚੰਡੀਗੜ੍ਹ ਸਮੇਤ ਆਕਸਫੋਰਡ ਯੂਨੀਵਰਸਿਟੀ ਇੰਗਲੈਂਡ ਤੋਂ ਗੁਰਦੇ ਤਬਦੀਲ ਕਰਨ ਦੀ ਸਿਖਲਾਈ ਲਈ ਹੋਈ ਹੈ। ਉਨ੍ਹਾਂ ਨੂੰ ਇਸ ਖੇਤਰ ਵਿੱਚ 11 ਸਾਲ ਦਾ ਤਜਰਬਾ ਹੈ ਅਤੇ ਉਹ ਹੁਣ ਤੱਕ ਇੱਕ ਹਜਾਰ ਤੋਂ ਜ਼ਿਆਦਾ ਵੱਧ ਲੋਕਾਂ ਦੇ ਗੁਰਦੇ ਤਬਦੀਲ ਕਰ ਚੁੱਕੇ ਹਨ। ਉਨ੍ਹਾਂ ਨੇ ਇਸ ਵਿਸ਼ੇ ਤੇ ਕਈ ਖੋਜਾਂ ਵੀ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਤੋਂ ਗੁਰਦਿਆਂ ਦੀ ਇਨਫੈਕਸ਼ਨ, ਪੱਥਰੀ, ਗੁਰਦਿਆਂ ਦੇ ਗੰਭੀਰ ਰੋਗ (ਸੀਕੇਡੀ) ਅਤੇ ਕੈਂਸਰ ਆਦਿ ਕੇਸਾਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਗੁਰਦਾ ਰੋਗ ਕਾਰਨ ਮੌਤ ਹੋਣਾ ਇਸ ਮੌਕੇ ਸਾਡੇ ਦੇਸ਼ ਦਾ ਸੱਤਵਾਂ ਮੁੱਖ ਕਾਰਨ ਬਣ ਚੁੱਕਾ ਹੈ ਅਤੇ ਇਸ ਵਿੱਚ ਪਿਛਲੇ 15 ਸਾਲਾਂ ਦੌਰਾਨ 30 ਫੀਸਦੀ ਵਾਧਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਸ ਰੋਗ ਵਿੱਚ ਵਾਧੇ ਦਾ ਮੁੱਖ ਕਾਰਨ ਸਾਡੇ ਰਹਿਣ ਸਹਿਣ ਅਤੇ ਖਾਣ-ਪੀਣ ਦੀਆਂ ਆਦਤਾਂ ਵਿੱਚ ਆਈ ਤਬਦੀਲੀ ਹੈ। ਇਸ ਦੇ ਨਾਲ-ਨਾਲ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵਿੱਚ ਵਾਧਾ ਵੀ ਇਸ ਦਾ ਕਾਰਨ ਸਾਬਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਰੂਰਤ ਤੋਂ ਜਿਆਦਾ ਦਰਦਨਾਸ਼ਕ ਦਵਾਈਆਂ, ਨਮਕ, ਲਾਲ ਮੀਟ, ਸ਼ਰਾਬ, ਵੱਧ ਪ੍ਰੋਟੀਨ ਵਾਲੀ ਖੁਰਾਕ ਅਤੇ ਮਿਠਾਈ ਦੀ ਵਰਤੋਂ ਵੀ ਘਾਤਕ ਹੈ।
ਉਨ੍ਹਾਂ ਕਿਹਾ ਕਿ ਮਾੜੀ ਮੋਟੀ ਬਿਮਾਰੀ ਹੋਣ ਦੀ ਸਥਿਤੀ ਵਿੱਚ ਖੁਦ ਹੀ ਇਲਾਜ ਕਰਨ ਦੀ ਕੋਸ਼ਿਸ਼ ਵੀ ਖਤਰਨਾਕ ਸਾਬਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਇੱਕ ਲੱਖ ਦੇ ਕਰੀਬ ਗੁਰਦਾ ਰੋਗ ਤੋਂ ਪੀੜਤ ਮਰੀਜ਼ ਸਾਹਮਣੇ ਆਉਂਦੇ ਹਨ ਜਿਨ੍ਹਾਂ ਵਿਚੋਂ 90 ਫੀਸਦੀ ਅਜਿਹੇ ਮਰੀਜ਼ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ ਜੋ ਆਪਣਾ ਇਲਾਜ ਨਹੀਂ ਕਰਵਾਉਂਦੇ।
ਉਨ੍ਹਾਂ ਕਿਹਾ ਕਿ ਗੁਰਦਾ ਤਬਦੀਲ ਕਰਵਾਉਣ ਵਾਲਾ ਮਰੀਜ ਤਕਰੀਬਨ ਇਕ ਹਫਤੇ ਵਿੱਚ ਹੀ ਤੰਦਰੁਸਤ ਹੋ ਜਾਂਦਾ ਹੈ ਅਤੇ ਆਮ ਵਾਂਗ ਜਿੰਦਗੀ ਜਿਉਣ ਦੇ ਕਾਬਿਲ ਹੋ ਜਾਂਦਾ ਹੈ । ਉਨ੍ਹਾਂ ਕਿਹਾ ਕਿ ਅਜਿਹੇ ਮਰੀਜ਼ ਨੂੰ ਦਵਾਈ ਵੀ ਬਹੁਤ ਘੱਟ ਖਾਣੀ ਪੈਂਦੀ ਹੈ।