ਸੰਜੀਵ ਸੂਦ
ਲੁਧਿਆਣਾ, 21 ਜਨਵਰੀ 2020 - 22 ਸਾਲ ਪੁਰਾਣਾ ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਬੰਧਨ ਟੁੱਟ ਗਿਆ ਹੈ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਰਵਾਇਤੀ ਗਠਜੋੜ ਪਾਰਟੀ ਅਕਾਲੀ ਦਲ ਦਾ ਸਾਥ ਛੱਡ ਦਿੱਤਾ ਹੈ। ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੇ ਹਰੀ ਨਗਰ ਦੀ ਸੀਟ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਕਾਰ ਮੱਤਭੇਦ ਹੋਏ ਨੇ ਪਰ ਇਸ ਦੀ ਅਸਲ ਵਜ੍ਹਾ ਨਾਗਰਿਕਤਾ ਸੋਧ ਐਕਟ ਨੂੰ ਵੀ ਮੰਨਿਆ ਜਾ ਰਿਹਾ ਹੈ ਜਿਸ ਦਾ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਜਾ ਰਿਹਾ ਜਦੋਂ ਕਿ ਭਾਜਪਾ ਅਕਾਲੀ ਦਲ ਤੇ ਲਗਾਤਾਰ ਇਸ ਐਕਟ ਦਾ ਸਮਰਥਨ ਕਰਨ ਦੀ ਗੱਲ ਕਹਿ ਰਹੀ ਹੈ।
ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕੋਰ ਕਮੇਟੀ ਦੀ ਹੋਣ ਵਾਲੀ ਬੈਠਕ ਚ ਕੋਈ ਵੱਡਾ ਫੈਸਲਾ ਵੀ ਲੈ ਸਕਦੇ ਨੇ ਜਿਸ ਦਾ ਇਸ਼ਾਰਾ ਲੁਧਿਆਣਾ ਤੋਂ ਸੀਨੀਅਰ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਗਰੇਵਾਲ ਨੇ ਕੀਤਾ।
ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਤੋਂ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਹੈ ਕਿ ਨਾਗਰਿਕਤਾ ਸੋਧ ਐਕਟ ਦਾ ਅਕਾਲੀ ਦਲ ਨੇ ਸਮਰਥਨ ਕੀਤਾ ਸੀ ਕਿਉਂਕਿ ਸਿੱਖ ਪਰਿਵਾਰਾਂ ਨੂੰ ਇਸ ਨਾਲ ਵੱਡੀ ਰਾਹਤ ਮਿਲਣੀ ਸੀ ਪਰ ਇਸ ਵਿਚ ਇਹ ਖ਼ਾਮੀ ਸੀ ਕਿ ਮੁਸਲਮਾਨ ਭਾਈਚਾਰੇ ਨੂੰ ਇਸ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਭਾਵੇਂ ਉਹ ਅਹਿਮਦੀਆ ਮੁਸਲਮਾਨ ਹੋਣ ਜਾਂ ਫਿਰ ਹੋਰ ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਸਟੈਂਡ ਇਸ ਤੇ ਸਾਫ ਹੈ ਅਤੇ ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਜੋ ਵੀ ਗੱਲਬਾਤ ਹੋਈ ਹੈ ਉਸ ਨੂੰ ਲੈ ਕੇ ਪਾਰਟੀ ਪ੍ਰਧਾਨ ਕੋਰ ਕਮੇਟੀ ਦੀ ਬੈਠਕ ਚ ਕੋਈ ਵੱਡਾ ਫੈਸਲਾ ਕਰਨਗੇ। ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਨਾਗਰਿਕਤਾ ਸੋਧ ਐਕਟ ਤੇ ਅਕਾਲੀ ਦਲ ਦਾ ਸਟੈਂਡ ਸਾਫ਼ ਹੈ ਉਹ ਇਸ ਦਾ ਵਿਰੋਧ ਉਦੋਂ ਤੱਕ ਕਰਦੀ ਰਹੇਗੀ ਜਦੋਂ ਤੱਕ ਮੁਸਲਿਮ ਭਾਈਚਾਰੇ ਨੂੰ ਇਸ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ।