ਸਮਾਜ ਨੂੰ ਪ੍ਰਭਾਵਿਤ ਕਰਦੇ ਅਪਰਾਧਿਕ ਤੱਤਾਂ ਦੇ ਖ਼ਾਤਮੇ ਲਈ 'ਸਕੈਚ ਟੂ ਪਿਕਚਰ' ਸਾਫ਼ਟਵੇਅਰ ਬਣਾ ਕੇ ਕੀਤਾ ਪਹਿਲੇ ਸਥਾਨ 'ਤੇ ਕਬਜ਼ਾ
ਚੰਡੀਗੜ੍ਹ 21 ਜਨਵਰੀ 2020: ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਵਿਦਿਆਰਥੀਆਂ ਨੇ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਂਦਿਆਂ ਮੈਰਿਟ ਪੁਜੀਸ਼ਨਾਂ 'ਤੇ ਬਰਕਰਾਰ ਰਹਿਣਾ ਬਾ-ਦਸਤੂਰ ਜਾਰੀ ਹੈ। ਬੀਤੇ ਦਿਨੀ ਚੰਡੀਗੜ੍ਹ ਪੁਲਿਸ ਵੱਲੋਂ ਕਰਵਾਏ ਹੈਕਾਥਨ ਮੁਕਾਬਲਿਆਂ ਵਿੱਚ 'ਵਰਸਿਟੀ ਦੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ 'ਚ ਤੀਜੇ ਸਾਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਕਰਨ ਜਾਖੜ, ਹਰਨੂਰ ਸਿੰਘ ਅਤੇ ਰੀਤਿਕ ਸ਼ਰਮਾ ਨੇ 'ਬੈਸਟ ਹੈਕਰ' ਦਾ ਖਿਤਾਬ ਹਾਸਲ ਕਰਦਿਆਂ ਇੱਕ ਲੱਖ ਰੁਪਏ ਅਤੇ ਇੱਕ ਲੈਪਟਾਪ ਦਾ ਇਨਾਮ ਆਪਣੇ ਨਾਮ ਕੀਤਾ ਹੈ। ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਆਰ.ਐਸ ਬਾਵਾ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਚੰਡੀਗੜ੍ਹ ਪੁਲਿਸ ਵੱਲੋਂ ਪੁਲਿਸ ਲਾਈਨ ਸੈਕਟਰ 26 ਵਿੱਚ ਕਰਵਾਏ ਨਵੀਨਤਮ, ਦਿਲਚਸਪ ਅਤੇ ਚੁਣੌਤੀ ਭਰਪੂਰ ਹੈਕਾਥਨ ਮੁਕਾਬਲੇ ਵਿੱਚ ਦੇਸ਼ ਭਰ ਤੋਂ ਵੱਖ-ਵੱਖ ਵਿਦਿਅਕ ਅਦਾਰਿਆਂ ਅਤੇ ਤਕਨੀਕੀ ਕੰਪਨੀਆਂ ਤੋਂ 58 ਆਈ.ਟੀ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਸਟੈਲਰ ਡਾਟਾ ਸਲੀਊਸ਼ਨ ਪ੍ਰਾਈ. ਲਿਮ ਦੇ ਮੁਖੀ ਸ੍ਰੀ ਰਾਜੇਸ਼ ਰਾਣਾ ਅਤੇ ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਕੀਤੀ ਗਈ।
ਡਾ. ਬਾਵਾ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਸਾਰੇ ਭਾਗੀਦਾਰਾਂ ਨੂੰ ਸਾਈਬਰ ਪੇਰੈਂਟਿੰਗ, ਸਾਈਬਰ ਪੈਟਰੋਲ, ਡਾਰਕ ਵੈਬਕ੍ਰੌਬਰ, ਮਾਲਵੇਅਰ ਵਿਸ਼ਲੇਸ਼ਣ ਅਤੇ ਪੇਰੈਂਟਿੰਗ ਟੈਸਟਿੰਗ ਆਦਿ ਵਿਸ਼ਿਆਂ ਸਬੰਧੀ ਪੁਲਿਸ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲੱਭਣ ਬਾਬਤ ਸਾਫ਼ਟਵੇਅਰ ਤਿਆਰ ਕਰਨ ਲਈ 36 ਘੰਟਿਆ ਦਾ ਸਮਾਂ ਦਿੱਤਾ ਗਿਆ। ਜਿਸ ਵਿੱਚ 'ਵਰਸਿਟੀ ਦੇ ਵਿਦਿਆਰਥੀ ਕਰਨ ਜਾਖੜ, ਹਰਨੂਰ ਸਿੰਘ ਅਤੇ ਰੀਤਿਕ ਸ਼ਰਮਾ ਨੇ 'ਸਕੈਚ ਟੂ ਪਿਕਚਰ ਕਰੀਮੀਨਲ ਟ੍ਰੈਕਿੰਗ ਟੂਲ' ਬਣਾਕੇ ਪਹਿਲੇ ਸਥਾਨ 'ਤੇ ਕਬਜ਼ਾ ਕਰਨ ਵਿੱਚ ਕਾਮਯਾਬ ਰਹੇ ਹਨ। ਇਸ ਸਬੰਧੀ ਜੇਤੂ ਵਿਦਿਆਰਥੀ ਕਰਨ ਜਾਖੜ, ਹਰਨੂਰ ਸਿੰਘ ਅਤੇ ਰੀਤਿਕ ਸ਼ਰਮਾ ਨੇ ਸਾਂਝੇ ਤੌਰ ਤੌਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਬਣਾਏ 'ਸਕੈਚ ਟੂੰ ਪਿਕਚਰ' ਸਾਫ਼ਟਵੇਅਰ ਦਾ ਉਦੇਸ਼ ਤਕਨੀਕ ਹੱਲ ਤਿਆਰ ਕਰਨਾ ਹੈ ਜੋ ਪੁਲਿਸ ਵਿਭਾਗਾਂ ਨੂੰ ਅਪਰਾਧਾਂ ਨੂੰ ਰੋਕਣ ਵਿੱਚ ਸਹਾਇਤਾ ਕਰੇਗਾ ਅਤੇ ਉਨ੍ਹਾਂ ਨੂੰ ਸਰਗਰਮ ਕਾਰਜਸ਼ੀਲਤਾ ਨਾਲ ਕੰਮ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਵਾਏਗਾ।
ਕਰਨ ਜਾਖੜ ਨੇ ਦੱਸਿਆ ਕਿ ਇਸ 'ਸਕੈਚ ਟੂ ਪਿਕਚਰ' ਸਾਫ਼ਟਵੇਅਰ ਵਿੱਚ ਉਨ੍ਹਾਂ ਏ.ਆਈ (ਆਰਟੀਫ਼ੀਸ਼ੀਅਲ ਇੰਟੈਲੀਜੈਂਸ) ਉਪਕਰਨ ਫ਼ਿੱਟ ਕੀਤਾ ਹੈ, ਜਿਸ ਨਾਲ ਸਾਡੇ ਦੇਸ਼ ਦੇ ਸੁਰੱਖਿਆ ਦਸਤਿਆਂ ਨੂੰ ਅਪਰਾਧੀਆਂ ਦੇ ਸਕੈਚ ਨੂੰ ਉਨ੍ਹਾਂ ਅਸਲ ਤਸਵੀਰ 'ਚ ਤਬਦੀਲ ਕਰਨ ਹੀ ਸਫ਼ਲਤਾ ਹੀ ਨਹੀਂ ਮਿਲੇਗੀ ਬਲਕਿ ਇਸ ਦੀ ਮਦਦ ਨਾਲ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਅਪਰਾਧੀਆਂ ਦੀ ਭਾਲ ਕਰਨ 'ਚ ਵੀ ਸਹਿਯੋਗ ਮਿਲੇਗਾ। ਕਰਨ ਨੇ ਕਿਹਾ ਕਿ ਇਹ ਵਕਾਰੀ ਖੋਜ ਉਨ੍ਹਾਂ ਉਤਸ਼ਾਹੀ, ਸਿਰਜਾਣਤਮਕ ਡਿਜ਼ਾਇਨਰਾਂ, ਸਾਈਬਰ ਸੁਰੱਖਿਆ ਮਾਹਰਾਂ ਨੂੰ ਸਮਰਪਿਤ ਹੋਵੇਗੀ ਜੋ ਨਵੀਨਤਾਕਾਰੀ ਪ੍ਰੋਟੋਟਾਈਪ ਵਿਕਸਤ ਕਰਨ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਆਈ.ਸੀ.ਟੀ (ਇਨਫ਼ਰਮੇਸ਼ਨ ਐਂਡ ਕਮਿਊਨੀਕੇਸ਼ਨ ਤਕਨਾਲੋਜੀ) ਦੀ ਵਰਤੋਂ ਸਾਡੇ ਸਾਈਬਰ ਸੰਸਾਰ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ ਕਰਦੇ ਹਨ। ਉਨ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਮੁਹੱਈਆ ਕਰਵਾਈ ਜਾਂਦੀ ਅਕਾਦਮਿਕ ਸਿੱਖਿਆ ਅਤੇ ਅਤਿ-ਆਧੁਨਿਕ ਲੈਬਾਂ ਵਿੱਚ ਖੋਜ ਕਾਰਜਾਂ ਬਾਬਤ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ 'ਵਰਸਿਟੀ ਦੇ ਸਹਿਯੋਗ ਅਤੇ ਆਪਣੀ ਦ੍ਰਿੜ ਤੇ ਸਖ਼ਤ ਮਿਹਨਤ ਉਹ ਨਾਲ ਅੱਗੋਂ ਵੀ ਅਜਿਹੇ ਖੋਜ ਕਾਰਜਾਂ ਵਿੱਚ ਸ਼ਮੂਲੀਅਤ ਕਰਦੇ ਰਹਿਣਗੇ। ਜਿਸ ਨਾਲ ਉਹ ਸਮਾਜ ਨੂੰ ਪ੍ਰਭਾਵਿਤ ਕਰਦੇ ਅਪਰਾਧਿਕ ਤੱਤਾਂ ਦੇ ਖ਼ਾਤਮੇ ਲਈ ਦੇਸ਼ ਦੇ ਸੁਰੱਖਿਆ ਦਸਤਿਆਂ ਦੇ ਸਹਿਯੋਗ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਣ।