← ਪਿਛੇ ਪਰਤੋ
ਸਾਬਕਾ ਫੈਡਰੇਸ਼ਨ ਆਗੂ ਦਵਿੰਦਰ ਸਿੰਘ ਸੋਢੀ ਕਾਂਗਰਸ ਛੱਡ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਰਲਿਆ ਚੰਡੀਗੜ, 21 ਜਨਵਰੀ, 2020 : ਸਾਬਕਾ ਫੈਡਰੇਸ਼ਨ ਆਗੁ ਦਵਿੰਦਰ ਸਿੰਘ ਸੋਢੀ ਨੇ ਅੱਜ ਕਾਂਗਰਸ ਪਾਰਟੀ ਵਿਚੋਂ ਅਸਤੀਫਾ ਦੇ ਕੇ ਸੁਖਦੇਵ ਸਿੰਘ ਢੀਂਡਸਾ ਨਾਲ ਹੱਥ ਮਿਲਾ ਲਏ। ਸੋਢੀ 1984 ਦੇ ਸਿੱਖ ਕਤਲੇਆਮ ਪੀੜਤਾਂ ਦੀ ਲੜਾਈ ਲੜਦਾ ਰਿਹਾ ਹੈ ਤੇ ਉਸਨੇ ਸਿੱਖਾਂ ਦੀਆਂ ਭਾਵਨਾਵਾਂ ਅਨੁਸਾਰ ਸੰਘਰਸ਼ ਕੀਤਾ ਹੈ। ਉਹ ਲੰਬਾ ਸਮਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸਕੱਤਰ ਜਨਰਲ ਰਿਹਾ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿਚ ਸਿਆਸੀ ਸਲਾਹਕਾਰ ਰਿਹਾ। ਸੋਢੀ ਨੇ ਸੁਖਬੀਰ ਸਿੰਘ ਬਾਦਲ ਦੀਆਂ ਪੰਥ ਵਿਰੋਧੀ ਗਤੀਵਿਧੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਵਿਚੋਂ ਅਸਤੀਫਾ ਦੇ ਦਿੱਤਾ ਸੀ ਅਤੇ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਅੱਜ ਸੋਢੀ ਨੇ ਕਾਂਗਰਸ ਪਾਰਟੀ ਵਿਚੋਂ ਅਸਤੀਫਾ ਦੇ ਦਿੱਤਾ ਤੇ ਸੁਖਦੇਵ ਸਿੰਘ ਢੀਂਡਸਾ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ। ਸੋਢੀ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚੋਂ ਸਾਰੀਆਂ ਉਣਤਾਈਆਂ ਖਤਮ ਕਰਵਾਉਣਗੇ ਤੇ ਪੁਰਾਣੀ ਪੰਥਕ ਸਾਖ ਬਹਾਲ ਕੀਤੀ ਜਾਵੇਗੀ। ਸੁਖਦੇਵ ਸਿੰਘ ਢੀਂਡਸਾ ਦੀ ਦੂਰਅੰਦੇਸ਼ੀ ਸੋਚ ਤੇ ਮਿਸ਼ਨ ਤੋਂ ਪ੍ਰਭਾਵਤ ਹੋ ਕੇ ਸੋਢੀ ਨੇ ਸਵੈ ਇੱਛਾ ਨਾਲ ਢੀਂਡਸਾ ਦੇ ਨਾਲ ਕੰਮ ਕਰਨ ਦਾ ਐਲਾਨ ਕੀਤਾ ਹੈ। ਸੋਢੀ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪਾਰਟੀ ਤੇ ਸ਼੍ਰੋਮਣੀ ਕਮੇਟੀ ਦੋਹਾਂ ਦਾ ਬਹੁਤ ਨੁਕਸਾਨ ਕੀਤਾ ਹੈ। ਸੋਢੀ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਦਾ ਬੇਹੱਦ ਨਜ਼ਦੀਕੀ ਮੰਨਿਆ ਜਾਂਦਾ ਰਿਹਾ ਹੈ।
Total Responses : 929