ਕੈਨੇਡਾ: ਸਰੀ ਵਿਚ ਪੁਲਿਸ ਨੇ ਫੜੀ 50 ਕਿਲੋ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ
ਹਰਦਮ ਮਾਨ
ਸਰੀ, 22 ਜਨਵਰੀ 2020- ਬ੍ਰਿਟਿਸ਼ ਕੋਲੰਬੀਆ ਦੀ ਕੰਬਾਈਨਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਅਤੇ ਐਂਟੀ ਗੈਂਗ ਪੁਲਿਸ ਯੂਨਿਟ ਨੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਜ਼ਬਤ ਕੀਤੀ ਗਈ ਇਸ ਸਮੱਗਰੀ ਵਿਚ ਲਗਭਗ 38 ਕਿਲੋਗ੍ਰਾਮ ਸ਼ੱਕੀ ਹੈਰੋਇਨ ਅਤੇ 10 ਕਿਲੋਗ੍ਰਾਮ ਸ਼ੱਕੀ ਨਕਲ ਪਰਕੋਸੀਟ 1.5 ਕਿਲੋਗ੍ਰਾਮ ਸ਼ੱਕੀ ਮਿਥਾਮਫੇਟਾਮਾਈਨ ਸ਼ਾਮਲ ਹੈ।
ਪ੍ਰੈਸ ਕਾਨਫਰੰਸ ਵਿਚ ਇਹ ਪ੍ਰਗਟਾਵਾ ਕਰਦਿਆਂ ਸੀ.ਐਫ.ਐੱਸ.ਈ.ਯੂ.-ਬੀ.ਸੀ. ਦੇ ਕਾਰਜਕਾਰੀ ਚੀਫ਼ ਅਫਸਰ, ਸੁਪਰਡੈਂਟ ਪਾਲ ਡਡਵਾਲ ਨੇ ਦੱਸਿਆ ਕਿ ਸੀਐਫਐਸਯੂ-ਬੀਸੀ ਦੀ ਯੂਨੀਫਾਰਮ ਗੈਂਗ ਇਨਫੋਰਸਮੈਂਟ ਟੀਮ (ਯੂਜੀਈਟੀ) ਦੇ ਮੈਂਬਰਾਂ ਨੇ ਹਾਈਵੇ 10 ਅਤੇ 130 ਸਟ੍ਰੀਟ ਦੇ ਖੇਤਰ ਵਿਚ ਸ਼ੱਕੀ ਲੈਣ-ਦੇਣ ਵਿਚ ਸ਼ਾਮਲ ਇਕ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਾਰ ਰੁਕੀ ਨਹੀਂ। ਸੀ.ਐਫ.ਐੱਸ.ਯੂ.-ਬੀ.ਸੀ. ਅਧਿਕਾਰੀਆਂ ਨੇ ਏਅਰ ਵਨ, ਡੌਗ ਪੁਲਿਸ ਸਰਵਿਸਜ਼ ਅਤੇ ਸਰੀ ਆਰ.ਸੀ.ਐਮ.ਪੀ. ਅਧਿਕਾਰੀਆਂ ਦੀ ਸਹਾਇਤਾ ਨਾਲ ਇਸ ਦਾ ਪਿੱਛਾ ਜਾਰੀ ਰੱਖਿਆ ਅਤੇ ਇਹ ਕਾਰ ਦੁਬਾਰਾ 130 ਸਟ੍ਰੀਟ ਅਤੇ 34 ਐਵੀਨਿਊ ਦੇ ਖੇਤਰ ਵਿਚ ਮਿਲੀ। ਪੁਲਿਸ ਨੇ ਇਸ ਵਿੱਚ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ। ਕਾਰ ਵਿੱਚੋਂ ਲਗਭਗ 50 ਕਿੱਲੋਗ੍ਰਾਮ ਨਸ਼ੀਲੇ ਪਦਾਰਥਾਂ ਤੋਂ ਇਲਾਵਾ, ਲਗਭਗ 20,000 ਡਾਲਰ ਦੀ ਨਕਦੀ ਅਤੇ ਤਿੰਨ ਹਥਿਆਰ ਵੀ ਜ਼ਬਤ ਕੀਤੇ ਗਏ ਹਨ।
ਫੜੇ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ $ 6.5 ਮਿਲੀਅਨ ਡਾਲਰ ਦੇ ਕਰੀਬ ਦੱਸੀ ਜਾਂਦੀ ਹੈ। ਸੀਐਫਐਸਈਯੂ ਦੇ ਇਤਿਹਾਸ ਵਿਚ ਇਹ ਸਭ ਤੋਂ ਵੱਡੀ ਪ੍ਰਾਪਤੀ ਮੰਨੀ ਜਾਂਦੀ ਹੈ। ਬੜੀ ਮੁਸ਼ਕਲ ਨਾਲ ਗ੍ਰਿਫਤਾਰ ਕੀਤੇ ਗਏ ਦੋ ਵਿਅਕਤੀਆਂ ਨੂੰ ਫਿਲਹਾਲ ਬਿਨਾਂ ਕਿਸੇ ਦੋਸ਼ ਦੇ ਰਿਹਾ ਕਰ ਦਿੱਤਾ ਗਿਆ।