ਜਾਣਕਾਰੀ ਜਾਰੀ ਕਰਨ ਮੌਕੇ ਮਨਪ੍ਰੀਤ ਸਿੰਘ ਛਤਵਾਲ ਡਿਪਟੀ ਕਮਿਸ਼ਨਰ ਫਾਜ਼ਿਲਕਾ
ਜਗਦੀਸ਼ ਥਿੰਦ
ਫਾਜ਼ਿਲਕਾ, 22 ਜਨਵਰੀ:
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿੳੂਜ਼ੀਅਮ ਅਤੇ ਲਾਈਟ ਐਂਡ ਸਾੳੂਂਡ ਸ਼ੋਅ ਪ੍ਰੋਗਰਾਮ 27 ਤੋਂ 29 ਜਨਵਰੀ ਤੱਕ ਐਮ.ਆਰ. ਕਾਲਜ ਦੀ ਗਰਾਊਂਡ ਵਿਖੇ ਹੋਵੇਗਾ। ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਅਤਿ-ਆਧੁਨਿਕ ਤਕਨੀਕਾਂ ਨਾਲ ਲਬਰੇਜ਼ ਇਹ ਪ੍ਰੋਗਰਾਮ ਲਗਾਤਾਰ ਤਿੰਨ ਦਿਨ ਸੰਗਤਾਂ ਨੂੰ ਰੂਹਾਨੀ ਰੰਗ ਵਿਚ ਰੰਗਣ ਲਈ ਅਧਿਆਤਮਕਤਾ ਦੀ ਛਹਿਬਰ ਲਗਾਉਣਗੇ।
ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ 27 ਤੋਂ 29 ਜਨਵਰੀ ਤੱਕ ਡਿਜੀਟਲ ਮਿੳੂਜ਼ੀਅਮ ਸਥਾਪਿਤ ਕੀਤਾ ਜਾਵੇਗਾ, ਜੋ ਲੋਕਾਂ ਦੇ ਦੇਖਣ ਲਈ ਤਿੰਨ ਦਿਨ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲਾ ਰਹੇਗਾ। ਉਨਾਂ ਦੱਸਿਆ ਕਿ ਅਤਿ-ਆਧੁਨਿਕ ਤਕਨੀਕਾਂ ਵਾਲੇ ਇਸ ਮਿਉਜ਼ੀਅਮ ਵਿਚ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਨੂੰ ਮਲਟੀ ਮੀਡੀਆ ਤਕਨੀਕਾਂ ਜ਼ਰੀਏ ਰੂਪਮਾਨ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 28 ਤੇ 29 ਜਨਵਰੀ ਸ਼ਾਮ ਨੂੰ ਗੁਰੂ ਸਾਹਿਬ ਦੇ ਜੀਵਨ ਤੇ ਸਿੱਖਿਆਵਾਂ ’ਤੇ ਚਾਨਣਾ ਪਾਉਂਦਾ ਲਾਈਟ ਐਂਡ ਸਾੳੂਂਡ ਸ਼ੋਅ ਚੱਲਣਗੇ, ਜੋ ਕਿ ਦੋਵੇਂ ਦਿਨ ਸ਼ਾਮ 6 ਵਜੇ ਤੋਂ 6.45 ਵਜੇ ਅਤੇ ਰਾਤ 7 ਤੋਂ 7.45 ਵਜੇ ਤੱਕ ਹੋਣਗੇ। ਉਨਾਂ ਦੱਸਿਆ ਕਿ ਰੰਗਦਾਰ ਦਿਸ਼ ਪੇਸ਼ਕਾਰੀਆਂ, ਅਤਿ-ਆਧੁਨਿਕ ਲੇਜ਼ਰ ਤਕਨੀਕਾਂ ਅਤੇ ਵਿਲੱਖਣ ਧੁਨੀਆਂ ਵਾਲੇ 45 ਮਿੰਟ ਦੇ ਲਾਈਟ ਐਂਡ ਸਾੳੂਂਡ ਸ਼ੋਅ ਅਦਭੁੱਤ ਨਜ਼ਾਰਾ ਪੇਸ਼ ਕਰਨਗੇ। ਉਨਾਂ ਸਮੂਹ ਸੰਗਤਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਵਿਲੱਖਣ ਨਜ਼ਾਰੇ ਦਾ ਗਵਾਹ ਬਣਨ ਲਈ ਹੁੰਮ-ਹੁੰਮਾ ਕੇ ਪਹੁੰਚਣ। ਉਨ੍ਹਾਂ ਕਿਹਾ ਕਿ ਸੰਗਤਾਂ ਲਈ ਦਾਖਲਾ ਬਿਲਕੁਲ ਮੁਫ਼ਤ ਹੈ।