ਅਸ਼ੋਕ ਵਰਮਾ
ਬਠਿੰਡਾ, 22 ਜਨਵਰੀ 2020 - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਅੱਜ ਸੈਂਕੜਿਆਂ ਦੀ ਗਿਣਤੀ ’ਚ ਬਠਿੰਡਾ ਪੁੱਜੇ ਕਿਸਾਨਾਂ ਨੇ ਅੱਜ ਪਰਾਲੀ ਸਾੜਨ ਨੂੰ ਲੈਕੇ ਦਰਜ ਕੀਤੇ ਕੇਸ ਰੱਦ ਅਤੇ ਸਮੁੱਚਾ ਕਰਜਾ ਮੁਆਫ ਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ।
ਕਿਸਾਨ ਬੁਲਾਰਿਆਂ ਨੇ ਇੰਨਾਂ ਦਰਜ ਕੀਤੇ ਮੁਕੱਦਮਿਆਂ ਅਤੇ ਕੈਪਟਨ ਸਰਕਾਰ ਦੀ ਕਰਜ਼ਾ ਮੁਆਫ਼ੀ ਯੋਜਨਾ ਨੂੰ ਕੋਝਾ ਮਜ਼ਾਕ ਤੇ ਧੋਖਾ ਕਰਾਰ ਦਿੰਦਿਆਂ ਇਸ ਮੁੱਦੇ ‘ਤੇ ਜਿੱਤ ਪ੍ਰਾਪਤੀ ਤੱਕ ਲੜਾਈ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਅੱਜ ਸਵੇਰੇ ਤੋਂ ਬਠਿੰਡਾ ਜਿਲੇ ਦੇ ਵੱਖ ਵੱਖ ਪਿੰਡਾਂ ਚੋਂ ਕਿਸਾਨ ਆਪਣੇ ਲੰਗਰ ਵਗੈਰਾ ਛਕਣ ਉਪਰੰਤ ਜਿਲਾ ਪ੍ਰਬੰਧਕੀ ਕੰਪਲੈਕਸ ਦੇ ਨਜ਼ਦੀਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਕਿਸਾਨਾਂ ਦਾ ਭਰਵਾਂ ਇਕੱਠ ਹੋ ਗਿਆ ਜਿਸ ਵਿੱਚ ਔਰਤਾਂ ਵੀ ਸ਼ਾਮਲ ਸਨ। ਦਿਨ ਰਾਤ ਦੇ ਤਿੰਨ ਰੋਜਾ ਧਰਨੇ ਨੂੰ ਦੇਖਦਿਆਂ ਬਠਿੰਡਾ ਪੁਲੀਸ ਨੇ ਪੁਲਿਸ, ਮਹਿਲਾ ਪੁਲਿਸ, ਤੇ ਹਥਿਆਰਬੰਦ ਪੁਲੀਸ ਤਾਇਨਾਤ ਕੀਤੀ ਹੋਈ ਸੀ। ਹਾਲਾਂਕਿ ਕਿਸਾਨ ਆਗੂਆਂ ਨੇ ਸ਼ਾਂਤਮਈ ਧਰਨਿਆਂ ਦਾ ਐਲਾਨ ਕੀਤਾ ਹੋਇਆ ਸੀ ਫਿਰ ਵੀ ਪੁਲਿਸ ਪ੍ਰਸ਼ਾਸ਼ਨ ਨੇ ਬੱਸਾਂ, ਹੰਗਾਮੀ ਹਾਲਾਤਾਂ ਨਾਲ ਨਿਪਟਣ ਲਈ ਦੰਗਾ ਰੋਕੂ ਵਾਹਨ ਤੇ ਜਲ ਤੋਪਾਂ ਵਗੈਰਾ ਵੀ ਲਿਆਂਦੀਆਂ ਹੋਈਆਂ ਸਨ।
ਓਧਰ ਅੱਜ ਦੇ ਇਕੱਠ ਨੂੰ ਸਬੋਧਨ ਕਰਦਿਆਂ ਜਿਲਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਜੇਕਰ ਸਰਕਾਰ ਲੋਕਾਂ ਦੀ ਸਿਹਤ ਲਈ ਪ੍ਰਦੂਸ਼ਣ ਰੋਕਣ ਲਈ ਸੱਚੇ ਦਿਲੋਂ ਫਿਕਰਮੰਦ ਹੈ ਤਾਂ ਮਜਬੂਰੀ ਵਸ ਕਿਸਾਨਾਂ ਵੱਲੋਂ ਪਰਾਲੀ ਸਾੜਨ ਕਾਰਨ ਕੁਲ ਪ੍ਰੁਦੂਸ਼ਨ ਦਾ ਸਿਰਫ 8 ਫੀਸਦੀ ਵੀ ਰੋਕਣ ਲਈ ਪਰਾਲੀ ਤੋਂ ਤਿਆਰ ਹੋਣ ਵਾਲੇ ਮਾਲ ਦੀਆਂ ਪ੍ਰਦੂਸ਼ਣ ਰਹਿਤ ਫੈਕਟਰੀਆਂ ਲਾ ਕੇ ਸਭ ਤੋਂ ਵੱਧ ਫੈਕਟਰੀਆਂ,ਭੱਠਿਆਂ,ਮਸ਼ੀਨੀਰੀ ਰਾਹੀਂ ਹੋ ਰਹੇ ਪ੍ਰਦੂਸਨ ਨੂੰ ਕੰਟਰੋਲ ਕਰੇ। ਬੁਲਾਰਿਆਂ ਨੇ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਕਿਸਾਨ ਵਿਰੋਧੀ ਨੀਤੀਆਂ ਤੇ ਚਲਦਿਆਂ ਕਿਸਾਨਾਂ ਤੇ ਫਸਲਾਂ ਬੀਜਣ,ਵੱਢਣ ਅਤੇ ਜਮੀਨ ਤਿਆਰ ਕਰਨ ਵੇਲੇ ਸ਼ਰਤਾਂ ਮੜ ਕੇ ਪੁਲਿਸ ਕੇਸ ਕੀਤੇ ਜਾ ਰਹੇ ਹਨ ਤਾਂ ਕਿ ਕਿਸਾਨਾਂ ਨੂੰ ਮਜਬੂਰ ਕਰਕੇ ਉਨਾ ਦਾ ਮੋਹ ਜਮੀਨ ਤੋ ਭੰਗ ਕੀਤਾ ਜਾਵੇ ਅਤੇ ਜਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਦਿੱਤੀਆਂ ਜਾਣ। ਉਨਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਅਤੇ ਅੱਗੇ ਤੋਂ ਪਰਾਲੀ ਦੀ ਸੰਭਾਲ ਦੇ ਠੀਕ ਪ੍ਰਬੰਧ ਨਾ ਕੀਤੇ ਤਾਂ ਆਉਂਦੇ ਦਿਨਾਂ ’ਚ ਜੱਥੇਬੰਦੀ ਵੱਲੋਂ ਸੰਘਰਸ਼ ਹੋਰ ਵਿਸ਼ਾਲ ਅਤੇ ਤੇਜ ਕੀਤਾ ਜਾਵੇਗਾ।
ਅੱਜ ਦੇ ਧਰਨੇ ਨੂੰ ਜੱਥੇਬੰਦੀ ਦੇ ਆਗੂ ਮੋਠੂ ਸਿੰਘ ਕੋਟੜਾ, ਬਸੰਤ ਸਿੰਘ, ਦਰਸ਼ਨ ਸਿੰਘ, ਅਮਰੀਕ ਸਿੰਘ, ਸੁਖਦੇਵ ਰਾਮਪੁਰਾ, ਜੱਗਾ ਜੋਗੇਵਾਲਾ, ਰਾਜੂ ਸਿੰਘ ਰਾਮ ਨਗਰ, ਬਲਜੀਤ ਸਿੰਘ ਪੂਹਲਾ, ਔਰਤ ਜੱਥੇਬੰਦੀ ਦੀ ਆਗੂ ਹਰਿੰਦਰ ਕੌਰ ਬਿੰਦੂ, ਹਰਪ੍ਰੀਤ ਕੌਰ ਜੇਠੂ ਕੇ ਅਤੇ ਮਾਲਣ ਕੌਰ ਕੋਠਾ ਗੁਰੂ ਨੇ ਸੰਬੋਧਨ ਕਰਦਿਆਂ ਪਰਾਲੀ ਸਾੜਨ ਸੰਬੰਧੀ ਕਿਸਾਨਾਂ ’ਤੇ ਕੀਤੇ ਪੁਲਿਸ ਕੇਸ, ਜੁਰਮਾਨੇ ਰੱਦ ਕਰਵਾਉਣ ਲਈ ਯੂਨੀਅਨ ਵੱਲੋਂ ਮੰਗਾਂ ਸੰਬੰਧੀ ਅੱਜ ਆਖਰੀ ਦਿਨ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਕਿ ਪਰਾਲੀ ਸਾਂਭਣ ਦਾ ਨੁਕਸਾਨ ਰਹਿਤ ਪੱਕਾ ਹੱਲ ਕੀਤਾ ਜਾਵੇ ਕਿਉਂਕਿ ਪਰਾਲੀ ਖੇਤ ’ਚ ਵਾਹ ਕੇ ਅਗਲੀ ਫਸਲ ਬੀਜਣ ਨਾਲ ਪੈਦਾ ਹੰੁਦੀ ਸੁੰਡੀ ਕਾਰਨ ਹੋਏ ਫਸਲੀ ਨੁਕਸਾਨ ਇਸ ਸਰਕਾਰੀ ਹੱਲ ਨੂੰ ਰੱਦ ਕਰ ਚੁੱਕੇ ਹਨ,ਪਰਾਲੀ ਸਾੜਨ ਲਈ ਮਜਬੂਰ ਹੋਏ ਕਿਸਾਨਾਂ ਸਿਰ ਮੜੇ ਨਜਾਇਜ ਮੁਕੱਦਮੇ,ਜੁਰਮਾਨੇ ਰੱਦ ਕੀਤੇ ਜਾਣ ਅਤੇ ਜਮਾਂਬੰਦੀਆਂ ’ਚ ਲਾਲ ਇੰਟਰੀਆਂ ਖਾਰਜ ਕੀਤੀਆਂ ਜਾਣ, ਉਕਤ ਮਾਮਲੇ ਸੰਬੰਧੀ ਕੰਬਾਈਨ ਹਾਰਟਵੈਸਟਰ ਮਾਲਕਾਂ ਨੂੰ ਕੀਤੇ ਗਏ ਦੋ -ਦੋ ਲੱਖ ਰੁਪਏ ਦੇ ਜੁਰਮਾਨੇ ਰੱਦ ਕਰਕੇ ਜਬਤ ਕੀਤੀਆਂ ਕੰਬਾਈਨਾਂ ਬਿਨਾਂ ਸਰਤ ਛੱਡੀਆਂ ਜਾਣ,ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੇ ਵਾਧੂ ਖਰਚਿਆਂ ਦੇ ਐਲਾਨ ਕੀਤਾ ਮੁਆਵਜਾ 2500 ਰੁਪਏ ਪ੍ਰਤੀ ਏਕੜ ਉਨਾ ਸਭਨਾਂ ਕਿਸਾਨਾਂ ਨੂੰ ਤੰੁਰਤ ਅਦਾ ਕੀਤਾ ਜਾਵੇ ਅਤੇ ਅੱਗੇ ਤੋਂ ਅਜਿਹਾ ਮੁਆਵਜਾ ਦੋ ਸੌ ਰੁਪਏ ਪ੍ਰਤੀ ਕੁਇੰਟਲ ਝੋਨੇ ਉਪਰ ਬੋਨਸ ਵਜੋਂ ਦਿੱਤਾ ਜਾਵੇ,ਪਰਾਲੀ ਨੂੰ ਖੇਤ ’ਚ ਵਾਹ ਕੇ ਬੀਜੀ ਕਣਕ ਦੀ ਫਸਲ ਦੀ ਸੁੰਡੀ ਕਾਰਨ ਹੋਏ ਭਾਰੀ ਨੁਕਸਾਨ ਦੀ ਪੂਰੀ ਪੂਰੀ ਭਰਪਾਈ ਕੀਤੀ ਜਾਵੇ, ਪੰਜਾਬ ਸਰਕਾਰ ਵੱਲੋਂ ਐਲਾਨ ਕੀਤੀ ਗਈ ਦੋ ਦੋ ਲੱਖ ਰੁਪਏ ਦੀ ਕਰਜਾ ਮੁਆਫੀ ਦੀ ਨਿਗੁਣੀ ਰਾਹਤ ਪੰਜ ਏਕੜ ਤੱਕ ਦੇ ਮਾਲਕੀ ਵਾਲੇ ਅਤੇ ਬੇਜਮੀਨੇ ਸਾਰੇ ਕਿਸਾਨਾਂ ਅਤੇ ਖੇਤ ਮਜਦੂਰਾਂ ਨੂੰ ਬਿਨਾ ਸ਼ਰਤ ਤੁਰੰਤ ਦਿੱਤੀ ਜਾਵੇ।