← ਪਿਛੇ ਪਰਤੋ
ਪਾਕਿਸਤਾਨ 'ਚ ਆਮ ਚੋਣਾਂ ਲੜਨ ਵਾਲੇ ਸਿੱਖ ਨੇਤਾ ਰਾਦੇਸ਼ ਸਿੰਘ ਟੋਨੀ ਨੇ ਪਰਿਵਾਰ ਸਮੇਤ ਦੇਸ਼ ਛੱਡਿਆ ਚੰਡੀਗੜ 22 ਜਨਵਰੀ, 2020 : ਪਾਕਿਸਤਾਨ ਵਿਚ ਘੱਟ ਗਿਣਤੀਆਂ 'ਤੇ ਤਸ਼ੱਦਦ ਦੀਆਂ ਰਿਪੋਰਟਾਂ ਨੂੰ ਪੁਖ਼ਤਾ ਕਰਦੀ ਇਕ ਹੋਰ ਘਟਨਾਂ ਵਿਚ ਦੇਸ਼ ਵਿਚ 2018 ਵਿਚ ਹੋਈਆਂ ਆਮ ਚੋਣਾਂ ਵਿਚ ਪੇਸ਼ਾਵਰ ਤੋਂ ਚੋਣ ਲੜਨ ਵਾਲੇ ਸਿੱਖ ਨੇਤਾ ਰਾਦੇਸ਼ ਸਿੰਘ ਉਰਫ ਟੋਨੀ ਨੇ ਪਰਿਵਾਰ ਸਮੇਤ ਪਾਕਿਸਤਾਨ ਛੱਡ ਦਿੱਤਾ ਹੈ। ਰਾਦੇਸ਼ ਦੇ ਦੇਸ਼ ਛੱਡਣ ਦੀਆਂ ਖਬਰਾਂ ਪਿਛਲੇ ਦੋ ਦਿਨਾਂ ਤੋਂ ਸੁਰਖੀਆਂ ਬਣ ਰਹੀਆਂ ਸਨ। ਅੱਜ ਉਸਨੇ ਕਿਸੇ ਅਣਦੱਸੀ ਥਾਂ ਤੋਂ ਇਕ ਵੀਡੀਓ ਸੰਦੇਸ਼ ਜਾਰੀ ਕਰ ਕੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਸਨੂੰ ਤੇ ਉਸਦੇ ਪਰਿਵਾਰ ਨੂੰ ਮੌਜੂਦਾ ਥਾਂ ਤੋਂ ਜਲਦ ਤੋਂ ਜਲਦ ਕਿਸੇ ਸੁਰੱਖਿਅਤ ਥਾਂ 'ਤੇ ਸ਼ਿਫਟ ਕੀਤਾ ਜਾਵੇ। ਰਾਦੇਸ਼ ਸਿੰਘ ਉਰਫ ਟੋਨੀ ਪੇਸ਼ਾਵਰ ਦਾ ਰਹਿਣ ਵਾਲਾ ਹੈ ਜੋ ਕਿ ਕੁਝ ਸਮਾਂ ਪਹਿਲਾਂ ਲਾਹੌਰ ਸ਼ਿਫਟ ਹੋ ਗਿਆ ਸੀ। ਆਪਣੀ ਵੀਡੀਓ ਵਿਚ ਰਾਦੇਸ਼ ਸਿੰਘ ਨੇ ਕਿਹਾ ਕਿ 2018 ਦੀਆਂ ਚੋਣਾਂ ਮਗਰੋਂ ਦੌਰਾਨ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਸਨ ਜਿਸ ਤੋਂ ਤੰਗ ਆ ਕੇ ਉਹ ਲਾਹੌਰ ਸ਼ਿਫਟ ਹੋ ਗਿਆ ਸੀ ਪਰ ਹੁਣ ਮਜਬੂਰ ਹੋ ਕੇ ਉਸਨੇ ਆਪਣਾ ਮੁਲਕ ਛੱਡ ਦਿੱਤਾ ਹੈ ਤੇ ਜਿਥੇ ਇਸ ਵੇਲੇ ਉਹ ਹੈ, ਉਥੇ ਸੁਰੱਖਿਅਤ ਹੈ। ਉਸਨੇ ਕਿਹਾ ਕਿ ਟਵੀਟਰ ਤੇ ਹੋਰ ਸੋਸ਼ਲ ਮੀਡੀਆ ਸਾਧਨਾਂ ਰਾਹੀਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਮੇਰੀ ਤੇ ਮੇਰੀ ਪਰਿਵਾਰ ਦੀ ਜਾਨ ਨੂੰ ਖਤਰਾ ਹੈ ਪਰ ਕਿਸੇ ਨੇ ਗੌਰ ਨਹੀਂ ਕੀਤਾ ਜਿਸ ਕਾਰਨ ਮਜਬੂਰ ਹੋ ਕੇ ਉਹ ਪਰਿਵਾਰ ਸਮੇਤ ਮੁਲਕ ਛੱਡ ਕੇ ਆਇਆ ਹੈ।
Total Responses : 189