ਅਸ਼ੋਕ ਵਰਮਾ
- ਪਘੂੰੜੇ 'ਚ ਆਏ 6 ਨਵ-ਜਨਮੇ ਬੱਚਿਆਂ ਨੂੰ ਦਵਾਈ ਗੋਦ
ਬਠਿੰਡਾ, 22 ਜਨਵਰੀ 2020 - ਬਾਲ ਸੁਰੱਖਿਆ ਵਿਭਾਗ ਵਲੋਂ ਬੱਚਿਆਂ ਦੀ ਭਲਾਈ, ਅਧਿਕਾਰਾਂ ਅਤੇ ਕਾਨੂੰਨੀ ਸੁਰੱਖਿਆਂ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਜ਼ਿਲ੍ਹੇ ਅੰਦਰ ਪਹਿਲੀ ਜਨਵਰੀ 2019 ਤੋਂ 31 ਦਸੰਬਰ 2019 ਤੱਕ ਵਿਭਾਗ ਵਲੋਂ 107 ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਵਾਈ ਗਈ। ਇਹ ਜਾਣਕਾਰੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਵਨੀਤ ਕੌਰ ਨੇ ਦਿੱਤੀ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵਲੋਂ ਬੱਚਿਆਂ ਦੀ ਪੋਕਸੋ ਐਕਟ, ਬਾਲ ਮਜ਼ਦੂਰੀ, ਬਾਲ ਭਿਖਸ਼ਾ, ਬਾਲ ਵਿਆਹ, ਗੁੱਡ ਟੱਚ-ਬੈਡ ਟੱਚ, ਪੋਕਸੋ ਈ-ਬਾਕਸ, ਸਪੌਂਸਰਸ਼ਿਪ, ਫੋਸਟਰ ਕੇਅਰ ਸਕੀਮ, ਅਡਾਪਸ਼ਨ, ਪੈਨਸਿਲ ਪੋਰਟਲ ਆਦਿ ਦੇ ਸਬੰਧ ਵਿੱਚ ਪਿੰਡ ਪੱਧਰ ਲੂ'ਤੇ ਸਕੂਲਾਂ ਵਿੱਚ ਕੁੱਲ 93 ਜਾਗਰੂਕਤਾ ਕੈਂਪ ਲਗਾ ਕੇ ਜਾਗਰੂਕ ਕੀਤਾ ਗਿਆ। ਕੈਂਪਾਂ ਦੌਰਾਨ ਬੱਚਿਆਂ ਦੀ ਭਲਾਈ, ਹੱਕਾਂ ਅਤੇ ਕਾਨੂੰਨੀ ਅਧਿਕਾਰਾਂ ਬਾਰੇ ਵੀ ਜਾਣੂ ਕਰਵਾਇਆ ਗਿਆ।
ਰਵਨੀਤ ਕੌਰ ਨੇ ਬੱਚਿਆਂ ਦੀ ਭਲਾਈ ਲਈ ਕੀਤੇ ਗਏ ਉਪਰਾਲਿਆਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਿਜਨਿਲ ਲੈਵਲ ਟ੍ਰੇਨਿੰਗ-ਕਮ-ਵਰਕਸਾਪ ਤਹਿਤ 6 ਜ਼ਿਲ੍ਹਿਆਂ ਬਠਿੰਡਾ, ਮਾਨਸਾ, ਫ਼ਿਰੋਜ਼ਪੁਰ, ਫ਼ਰੀਦਕੋਟ, ਫ਼ਾਜ਼ਿਲਕਾ ਅਤੇ ਸ਼੍ਰੀ ਮੁਕਤਸਰ ਸਾਹਿਬ ਦੀਆਂ ਪੋਕਸੋ ਅਤੇ ਅਡਾਪਸ਼ਨ 2 ਵਰਕਸ਼ਾਪਾਂ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਵਰ੍ਹੇ ਦੌਰਾਨ 6 ਬੱਚੇ ਜਿਨ੍ਹਾਂ ਵਿਚੋਂ ਚਾਰ ਲੜਕੀਆਂ ਅਤੇ ਦੋ ਲੜਕੇ ਲਾਵਾਰਿਸ ਹਾਲਾਤਾਂ ਵਿਚ ਪੰਘੂੜੇ 'ਚੋਂ ਪ੍ਰਾਪਤ ਹੋਏ ਸਨ। ਇਨ੍ਹਾਂ ਬੱਚਿਆਂ ਵਿਚੋਂ ਚਾਰ ਬੱਚਿਆਂ ਨੂੰ ਜ਼ਰੂਰਤਮੰਦ ਮਾਪਿਆਂ ਨੂੰ ਗੋਦ ਦਿੱਤਾ ਜਾ ਚੁੱਕਾ ਹੈ ਅਤੇ ਦੋ ਬੱਚਿਆਂ ਨੂੰ ਗੋਦ ਦੇਣ ਦੀ ਪ੍ਰਕਿਰਿਆ ਪ੍ਰਗਤੀ ਅਧੀਨ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗੋਦ ਲਏ ਦੋ ਲੜਕਿਆਂ ਵਿਚੋਂ ਇੱਕ ਸਪੇਨ ਅਤੇ ਦੂਜਾ ਅਮਰੀਕਾ ਵਾਸੀਆਂ ਵਲੋਂ ਗੋਦ ਲਿਆ ਗਿਆ।
ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਸਾਲ 2019 ਦੇ ਦੌਰਾਨ 19 ਗੁੰਮਸ਼ੁਦਾ ਬੱਚਿਆਂ ਨੂੰ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ। ਲੋੜਵੰਦ 14 ਬੱਚਿਆਂ ਨੂੰ ਦੇਖਭਾਲ ਲਈ ਚਾਈਲਡ ਕੇਅਰ ਇੰਸਟੀਚਿਊਟ ਵਿੱਚ ਭੇਜਿਆ ਗਿਆ। 30 ਨੂੰ ਬਾਲ ਭਿਖਸ਼ਾ ਤੇ 8 ਬੱਚਿਆਂ ਨੂੰ ਬਾਲ-ਮਜਦੂਰੀ ਤੋਂ ਮੁਕਤ ਕਰਵਾਇਆ ਗਿਆ। ਇਸ ਦੌਰਾਨ ਮਾਪਿਆਂ ਦੀ ਕਾਊਂਸਲਿੰਗ ਕਰਕੇ ਇਨ੍ਹਾਂ ਬੱਚਿਆਂ ਨੂੰ ਸਕੂਲ ਪੜ੍ਹਾਉਣ ਦੀ ਪ੍ਰਕਿਰਿਆ ਵੀ ਆਰੰਭੀ ਗਈ। ਕਾਨੂੰਨੀ ਵਿਵਾਦਾ 'ਚ ਫ਼ਸੇ 28 ਬੱਚਿਆਂ ਦੇ ਕੇਸਾਂ ਸਬੰਧੀ ਸ਼ੋਸ਼ਲ ਪੜਤਾਲ ਰਿਪੋਰਟਾਂ ਤਿਆਰ ਕਰਕੇ ਅਦਾਲਤ ਨੂੰ ਪੇਸ਼ ਕੀਤੀਆਂ ਗਈਆਂ। ਇਸ ਤੋਂ ਇਲਾਵਾ ਵਿਭਾਗ ਵਲੋਂ 2 ਪੋਕਸੋ ਪੀੜਤ ਬੱਚਿਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਵੀ ਮੁਹੱਈਆ ਕਰਵਾਈ ਗਈ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਅੰਦਰ ਸੇਫ਼ ਸਕੂਲ ਵਾਹਨ ਪਾਲਿਸੀ ਦੇ ਤਹਿਤ ਵਹੀਕਲਾਂ ਦੀ ਚੈਕਿੰਗ ਵੀ ਕੀਤੀ ਗਈ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਸਕੂਲਾਂ 'ਤੇ ਵਾਹਨ ਚਾਲਕਾਂ ਨੂੰ ਸੇਫ਼ ਸਕੂਲ ਵਾਹਨ ਪਾਲਿਸੀ ਸਬੰਧੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਕੇਂਦਰੀ ਜੇਲ੍ਹ ਬਠਿੰਡਾ 'ਚ 3 ਵਿਅਕਤੀਆਂ ਨੂੰ ਜੁਵੇਨਾਇਲ ਘੋਸ਼ਿਤ ਕਰਵਾ ਕੇ ਨਿਰੀਖਣ ਹੋਮ 'ਚ ਤਬਦੀਲ ਕਰਵਾਇਆ ਗਿਆ।