ਸੰਜੀਵ ਸੂਦ
ਲੁਧਿਆਣਾ, 22 ਜਨਵਰੀ 2020 - ਕੇਂਦਰ ਸਰਕਾਰ ਵੱਲੋਂ ਇੱਕ ਫਰਵਰੀ ਨੂੰ ਆਪਣਾ ਆਮ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਬੀਤੇ ਛੇ ਸਾਲਾਂ ਤੋਂ ਲਗਾਤਾਰ ਦੇਸ਼ ਦੀ ਅਰਥ ਵਿਵਸਥਾ ਹੇਠਾਂ ਡਿੱਗਦੀ ਜਾ ਰਹੀ ਹੈ। ਜਿਸ ਕਰਕੇ ਇਸ ਬਜਟ ਤੇ ਦੇਸ਼ ਭਰ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਇਹ ਬਜਟ ਪੇਸ਼ ਕੀਤਾ ਜਾਣਾ ਹੈ। ਇੱਕ ਮਹਿਲਾ ਵੱਲੋਂ ਬਜਟ ਪੇਸ਼ ਕੀਤਾ ਜਾਣਾ ਹੈ ਇਸ ਕਰਕੇ ਮਹਿਲਾਵਾਂ ਦੀਆਂ ਉਮੀਦਾਂ ਬਜਟ ਤੋਂ ਇਸ ਵਾਰ ਕਾਫੀ ਜ਼ਿਆਦਾ ਹਨ।
ਲੁਧਿਆਣਾ ਦੀਆਂ ਮਹਿਲਾਵਾਂ ਨੇ ਕਿਹਾ ਹੈ ਕਿ ਸਭ ਤੋਂ ਅਹਿਮ ਘਰੇਲੂ ਔਰਤਾਂ ਦਾ ਬਜਟ ਹੁੰਦਾ ਹੈ ਜੋ ਕਿ ਉਨ੍ਹਾਂ ਦੀ ਰਸੋਈ ਨਾਲ ਜੁੜਿਆ ਹੋਇਆ ਹੈ। ਜਿਸ ਵਿੱਚ ਰਸੋਈ ਗੈਸ ਤੋਂ ਲੈ ਕੇ ਸਬਜ਼ੀਆਂ ਤੇ ਦਾਲਾਂ, ਚੀਨੀ ਆਦਿ ਸਭ ਸ਼ਾਮਿਲ ਹੈ। ਜਿਸ ਦੇ ਬਜਟ 'ਚ ਖਾਸ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਵੀ ਕਿਹਾ ਕਿ ਸਿੱਖਿਆ ਦੇ ਖੇਤਰ 'ਚ ਵੀ ਔਰਤਾਂ ਦੀ ਹਿੱਸੇਦਾਰੀ ਜ਼ਿਆਦਾ ਵਧਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਨੌਕਰੀਆਂ 'ਚ ਮਹਿਲਾਵਾਂ ਦੀ ਭਾਗੀਦਾਰੀ, ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਪ੍ਰਬੰਧ, ਨੌਜਵਾਨ ਲੜਕੀਆਂ ਨੂੰ ਰੁਜ਼ਗਾਰ ਆਦਿ ਵੱਲ ਬਜਟ ਦੇ ਵਿੱਚ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।