← ਪਿਛੇ ਪਰਤੋ
ਹਰੀਸ਼ ਕਾਲੜਾ
ਮੋਰਿੰਡਾ, 22 ਜਨਵਰੀ 2020 - ਅੱਜ ਸ਼ਾਮ ਲਗਭਗ 4 ਵਜੇ ਚੌਕਸੀ ਵਿਭਾਗ ਰੂਪਨਗਰ ਵੱਲੋਂ ਮੋਰਿੰਡਾ ਨੇੜਲੇ ਪਿੰਡ ਢੰਗਰਾਲੀ ਦੇ ਸਰਪੰਚ ਗੁਰਪ੍ਰੀਤ ਸਿੰਘ ਬਾਠ ਦੀ ਸ਼ਿਕਾਇਤ ਦੇ ਆਧਾਰ ਤੇ ਬੀ.ਡੀ.ਪੀ.ਓ. ਮੋਰਿੰਡਾ ਅਮਰਦੀਪ ਸਿੰਘ ਨੂੰ 10 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਿੰਦਰ ਸਿੰਘ ਗਿੱਲ ਡੀ.ਐਸ.ਪੀ. ਨੇ ਦਸਿਆ ਕਿ ਢੰਗਰਾਲੀ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਬਾਠ ਨੇ ਰੂਪਨਗਰ ਵਿਜੀਲੈਂਸ ਦਫਤਰ ਪਾਸ ਸ਼ਿਕਾਇਤ ਕੀਤੀ ਸੀ ਕਿ ਢੰਗਰਾਲੀ ਪਿੰਡ ਦੀ ਪੰਚਾਇਤ ਨੂੰ ਮਾਲ ਪੁਨਰਵਾਸ ਤੇ ਆਫਤਾ ਪ੍ਰਬੰਧਕ ਕਮੇਟੀ ਮੰਤਰੀ ਵਲੋਂ ਪਿੰਡ ਵਿਚ ਸੋਲਰ ਲਾਈਟਾਂ ਲਾਉਣ ਲਈ 3 ਲੱਖ ਰੁਪਏ ਦੀ ਗ੍ਰਾਂਟ 20 ਅਗਸਤ 2019 ਨੂੰ ਆਈ ਸੀ। ਜਿਸ ਸਬੰਧੀ ਪੰਚਾਇਤ ਵਲੋਂ ਪਿੰਡ ਵਿਚ ਸੋਲਰ ਲਾਈਟਾਂ ਲਗਾਉਣ ਲਈ ਕੁਟੇਸ਼ਨਾਂ ਲੈਣ ਉਪਰੰਤ ਅੰਬਾਲਾ ਦੀ ਕੰਪਨੀ ਨਾਲ 23 ਦਸੰਬਰ 2019 ਨੂੰ ਐਗਰੀਮੈਂਟ ਕਰ ਲਿਆ ਸੀ। ਸਬੰਧਤ ਫਰਮ ਦੇ ਮਾਲਕਾਂ ਵਲੋਂ ਪੰਚਾਇਤ ਨੂੰ ਕਿਹਾ ਗਿਆ ਕਿ ਪਹਿਲਾਂ ਚੈਕ ਵਿਖਾਇਆ ਜਾਵੇ ਤਾਂ ਕਿ ਕੰਮ ਸ਼ੁਰੂ ਕੀਤਾ ਜਾ ਸਕੇ। ਇਸ ਉਪਰੰਤ ਪੰਚਾਇਤ ਵਲੋਂ ਮੱਤਾ ਪਾਸ ਕਰਨ ਉਪਰੰਤ ਗੁਰਪ੍ਰੀਤ ਸਿੰਘ ਚੈਕ ਤੇ ਦਸਤਖਤ ਕਰਾਉਣ ਲਈ ਬੀ.ਡੀ.ਪੀ.ੳ.ਮੋਰਿੰਡਾ ਅਮਰਦੀਪ ਸਿੰਘ ਪਾਸ ਗਿਆ ਤਾਂ ਉਸਨੇ ਚੈਕ ਤੇ ਦਸਤਖਤ ਕਰਨ ਦੇ ਬਦਲੇ 10 ਹਜ਼ਾਰ ਰਿਸ਼ਵਤ ਦੀ ਮੰਗ ਕੀਤੀ। ਇਸ ਤੇ ਵਿਜੀਲੈਂਸ ਯੂਨਿਟ ਰੂਪਨਗਰ ਵਲੋਂ ਕਾਰਵਾਈ ਕਰਦੇ ਹੋਏ ਬੀ.ਡੀ.ਪੀ.ੳ. ਮੋਰਿੰਡਾ ਅਮਰਦੀਪ ਸਿੰਘ ਨੂੰ ਸਰਕਾਰੀ ਗਵਾਹਾਂ ,ਡਾਕਟਰ ਵਿਕਰਾਂਤ ਸ਼ਰਮਾ ਤੇ ਸੁਖਦੇਵ ਸਿੰਘ ਡੀ.ਐਫ.ਐਸ.ੳ. ਦੀ ਹਾਜ਼ਰੀ ਵਿਚ ਰੰਗੇ ਹਥੀਂ ਗ੍ਰਿਫਤਾਰ ਕਰ ਲਿਆ। ਮੁਕਦਮੇਂ ਦੀ ਤਫਤੀਸ਼ ਜਾਰੀ ਹੈ।
Total Responses : 189