ਨਵੀਂ ਦਿੱਲੀ, 23 ਜਨਵਰੀ 2020 - ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਰਵਿੰਦ ਕੇਜਰੀਵਾਲ ਵੱਲੋਂ ਲੰਘੇ ਦਿਨੀਂ 21 ਜਨਵਰੀ ਨੂੰ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਾਏ ਗਏ। ਪਰ ਕੇਜਰੀਵਾਲ ਨੂੰ ਕਾਗਜ਼ ਭਰਨ ਲਈ ਤਕਰੀਬਨ 6 ਘੰਟੇ ਤੱਕ ਲਾਈਨ 'ਚ ਲੱਗਣਾ ਪਿਆ।
ਵਜ੍ਹਾ ਸੀ ਕਿ ਕੁਝ ਲੋਕਾਂ ਵੱਲੋਂ ਨਾਮਜ਼ਦਗੀਆਂ ਭਰਨ ਨੂੰ ਲੈ ਕੇ ਬਹੁਤ ਗਲਤੀਆਂ ਕੀਤੀਆਂ ਗਈਆਂ ਸਨ ਜਿੰਨ੍ਹਾਂ ਦੇ ਕਾਗਜ਼ਾਂ 'ਚ ਸੋਧ ਕਰਾਉਂਦਿਆਂ ਕਰਾਉਂਦਿਆਂ ਚੋਣ ਅਫਸਰਾਂ ਨੂੰ ਸਮਾਂ ਲੱਗ ਗਿਆ ਤੇ ਫੇਰ ਕਿਤੇ ਜਾ ਕੇ ਕੇਜਰੀਵਾਲ ਦੀ ਵਾਰੀ ਆਈ।
ਇਸ ਸਬੰਧੀ 'ਆਪ' ਐਮ.ਐਲ.ਏ ਸੌਰਭ ਭਾਰਦਵਾਜ਼ ਨੇ ਭਾਜਪਾ 'ਤੇ ਇਲਜ਼ਾਮ ਲਾਏ ਕਿ ਇਹ ਦੇਰੀ ਭਾਜਪਾ ਕਾਰਨ ਹੋਈ ਹੈ।
ਨਿਊਜ਼ ਪੋਰਟਲ 'ਨਿਊਜ਼ਲੌਂਡੀ' 'ਚ ਛਪੀ ਵਿਸ਼ੇਸ਼ ਰਿਪੋਟ ਮੁਤਾਬਕ ਕੇਜਰੀਵਾਲ ਦਾ ਟੋਕਨ ਨੰਬਰ 45 ਸੀ ਅਤੇ ਉਸਦੇ ਅੱਗੇ ਹੋਰ ਕਈ ਉਮੀਦਵਾਰ ਖੜ੍ਹੇ ਸਨ। ਚੋਣ ਕਮਿਸ਼ਨ ਨੇ ਆਪਣੀ ਤਰਫੋਂ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਜਾਣਬੁੱਝ ਕੇ ਕੋਈ ਦੇਰੀ ਨਹੀਂ ਕੀਤੀ।
ਨਿਊਜ਼ਲੌਂਡਰੀ ਦੇ ਰਿਪੋਰਟਰ ਮੁਤਾਬਕ, ਉਹ ਖੁਦ ਇੱਕ ਰਿਟਰਨਿੰਗ ਅਫਸਰ ਦੇ ਦਫਤਰ ਵਿਚ ਸੀ ਜਿੱਥੇ ਉਸਨੇ ਦੇਖਿਆ ਕਿ ਇਹ ਲੋਕ ਜੋ ਕਾਗਜ਼ ਭਰਨ ਆਏ ਸਨ, "ਉਹ ਅਜ਼ਾਦ ਚੋਣ ਲੜਨ ਦੇ ਰੂਪ 'ਚ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਵਿਅਕਤੀ ਨਹੀਂ ਲੱਗ ਰਹੇ ਸਨ, ਸਗੋਂ ਉਹ ਇਕ ਗਰੁੱਪ ਦੇ ਰੂਪ ਵਿਚ,ਨਾਮਜ਼ਦਗੀ ਭਰਨ ਆਏ ਸਨ। ਜਿਸ 'ਚ ਇਕੋ ਪਰਿਵਾਰ ਦੇ ਕੁਝ ਮੈਂਬਰ ਨਵੀਂ ਦਿੱਲੀ ਹਲਕੇ ਵਿਚ ਆਪਣੀਆਂ ਨਾਮਜ਼ਦਗੀਆਂ ਦਾਖਲ ਕਰ ਰਹੇ ਸਨ।"
ਜਿਸ 'ਤੇ ਸਵਾਲ ਜਰੂਰ ਉੱਠਦੇ ਹਨ ਕਿ ਇਹ ਲੋਕ ਕੌਣ ਸਨ ਅਤੇ ਉਹ ਇਸੇ ਹਲਕੇ ਵਿੱਚ ਗਰੁੱਪ ਦੇ ਤੌਰ ਤੇ ਨਾਮਜ਼ਦਗੀਆਂ ਦਾਖਲ ਕਰ ਰਹੇ ਸਨ ਅਤੇ ਕਿਉਂ? ਉਨ੍ਹਾਂ ਦਾ ਉਦੇਸ਼ ਕੀ ਸੀ? ਕੀ ਉਹ ਭਾਜਪਾ ਨਾਲ ਸਬੰਧਤ ਸਨ, ਜਿਵੇਂ 'ਆਪ' ਐਮ.ਐਲ.ਏ ਦੁਆਰਾ ਦਾਅਵਾ ਕੀਤਾ ਗਿਆ ਸੀ, ਜਾਂ ਉਹ ਕਿਸੇ ਹੋਰ ਪਾਰਟੀ ਦੇ ਸਨ?
ਪਤਾ ਲੱਗਾ ਹੈ ਕਿ ਉਕਤ ਲੋਕ "1857 ਦੋਬਾਰਾ" ਨਾਮੀ ਧੜੇ ਤੋਂ ਸਨ ਅਤੇ ਜੋ ਦਿੱਲੀ 'ਚ ਚੋਣ ਲੜਨ ਲਈ ਕਾਗਜ਼ ਭਰਾ ਰਹੇ ਸਨ। ਰਿਪੋਰਟ 'ਚ ਪਾਇਆ ਗਿਆ ਕਿ ਇੰਨ੍ਹਾਂ ਨਾਮਜ਼ਦਗੀਆਂ 'ਚ ਇੱਕੋ ਘਰ ਦੇ ਪਤੇ 'ਤੇ ੨ ਕਾਗਜ਼ ਭਰੇ ਗਏ ਸਨ।