ਚੰਡੀਗੜ੍ਹ, 23 ਜਨਵਰੀ 2020 - ਬੁੱਧਵਾਰ ਨੂੰ ਚੰਡੀਗੜ੍ਹ ਦੇ ਮਨੀਮਾਜਰਾ ਸਥਿਤ ਮਾਡਰਨ ਕੰਪਲੈਕਸ ਵਿਖੇ ਹੋਏ ਪਰਿਵਾਰ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇਸ ਕਤਲ ਕਾਂਡ 'ਚ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਪਤੀ ਵੱਲੋਂ ਹੀ ਆਪਣੀ ਪਤਨੀ ਅਤੇ ਬੱਚਿਆਂ ਦਾ ਪਹਿਲਾਂ ਕਤਲ ਕੀਤਾ ਗਿਆ ਅਤੇ ਬਾਅਦ 'ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਰੇਲ ਗੱਡੀ ਅੱਗੇ ਛਾਲ ਮਾਰ ਦਿੱਤੀ, ਜਿਸ 'ਚ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਦਾ ਪੀਜੀਆਈ ਚੰਡੀਗੜ੍ਹ 'ਚ ਇਲਾਜ ਚੱਲ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਚੰਡੀਗੜ੍ਹ ਦੇ ਮਨੀਮਾਜਰਾ ਸਥਿਤ ਮਾਡਰਨ ਕੰਪਲੈਕਸ 'ਚ ਬੁੱਧਵਾਰ ਦੇਰ ਰਾਤ 1.30 ਵਜੇ ਮਕਾਨ ਨੰਬਰ-5012 'ਚ ਔਰਤ ਅਤੇ ਉਸ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਸਨ। ਪੁਲਿਸ ਨੇ ਦੱਸਿਆ ਕਿ ਸੰਜੇ ਅਰੋੜਾ (47), ਜੋ ਕਿ ਪੰਚਕੂਲਾ ਦੇ ਸੈਕਟਰ-9 'ਚ ਕ੍ਰਿਸ਼ਣਾ ਡੇਅਰੀ ਚਲਾਉਂਦਾ ਹੈ, ਨੇ ਆਪਣੀ ਪਤਨੀ ਸਵਿਤਾ (45) ਅਤੇ ਬੇਟੇ ਅਰਜੁਨ (16) ਅਤੇ ਬੇਟੀ ਸੈਂਸੀ (21) ਦੀ ਬੁੱਧਵਾਰ ਦੁਪਹਿਰ ਤੇਜ਼ਧਾਰ ਚਾਕੂ ਨਾਲ ਹੱਤਿਆ ਕਰ ਦਿੱਤੀ।
ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭ ਤੋਂ ਪਹਿਲਾਂ ਮੁਲਜ਼ਮ ਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਬਾਅਦ 'ਚ ਸਕੂਲੋਂ ਆਏ ਆਪਣੇ ਸੋਲਾਂ ਸਾਲ ਦੇ ਬੇਟੇ ਅਤੇ ਕਾਲਜੋਂ ਪਰਤੀ ਆਪਣੀ ਇੱਕੀ ਸਾਲ ਦੀ ਧੀ ਦਾ ਕਤਲ ਕਰ ਦਿੱਤਾ। ਫਿਰ ਸੰਜੇ ਨੇ ਰੇਲ ਗੱਡੀ ਅੱਗੇ ਛਾਲ ਮਾਰਨ ਤੋਂ ਪਹਿਲਾਂ ਸੁਸਾਇਡ ਨੋਟ ਵੀ ਲਿਖਿਆ ਸੀ। ਹਾਲਾਂਕਿ ਪੁਲਿਸ ਸੁਸਾਈਡ ਨੋਟ ਦੀ ਜਾਂਚ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਸੰਜੇ ਅਰੋੜਾ ਕਾਫੀ ਕਰਜ਼ੇ 'ਚ ਡੁੱਬਿਆ ਹੋਇਆ ਸੀ ਅਤੇ ਪਿਛਲੇ ਕਈ ਦਿਨਾਂ ਤੋਂ ਬਹੁਤ ਪ੍ਰੇਸ਼ਾਨ ਸੀ।