ਅੰਮ੍ਰਿਤਸਰ, 23 ਜਨਵਰੀ, 2020: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਭਾਰਤੀ ਫੌਜ ਵੱਲੋਂ ੭੧ਵੇਂ ਗਣਤੰਤਰ ਦਿਵਸ ਨੂੰ ਸਮਰਪਿਤ ਪੇਸ਼ ਕੀਤੇ ਗਏ ਜੈਜ਼ ਬੈਂਡ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਦੋ ਘੰਟੇ ਚੱਲੇ ਇਸ ਸੰਗੀਤਕ ਸਮਾਰੋਹ ਦੇ ਵਿਚ ਵੱਖ ਵੱਖ ਰੈਜੀਮੈਂਟ ਵੱਲੋਂ ਦੇਸ਼ ਭਗਤੀ ਦੇ ਗੀਤ ਵੀ ਗਾਏ ਗਏ ਜਿਸ ਦੇ ਨਾਲ ਦਸਮੇਸ਼ ਆਡੀਟੋਰੀਅਮ ਦਾ ਭਰਿਆ ਹੋਇਆ ਹਾਲ ਦੇਸ਼ ਭਗਤੀ ਦੇ ਵਹਿਣ ਵਿਚ ਵਹਿ ਗਿਆ। ਇਸ ਸਮਾਰੋਹ ਵਿਚ ਫੌਜ ਪਰਿਵਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਅਤੇ ਆਮ ਸ਼ਹਿਰੀ ਵੀ ਹਾਜ਼ਰ ਸਨ।
ਦਰਸ਼ਕਾਂ ਨੇ ਜੈਜ਼ ਬੈਂਡ ਦੀ ਪੇਸ਼ਕਾਰੀ ਦਾ ਤਾੜੀਆਂ ਅਤੇ ਦੇਸ਼ ਭਗਤੀ ਦੇ ਨਾਰ੍ਹਿਆਂ ਦੇ ਨਾਲ ਪੂਰਾ ਉਤਸ਼ਾਹ ਵਧਾਉਂਦੇ ਰਹੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜਸਪਾਲ ਸਿੰਘ ਸੰਧੂ ਵੱਲੋਂ ਫੌਜ ਦੇ ਮੇਜਰ ਜਨਰਲ ਬਿਕਰਮ ਸਿੰਘ ਅਤੇ ਹੋਰ ਜਿਲਾ ਪ੍ਰਸ਼ਾਸਨ ਅਤੇ ਫੌਜ ਦੇ ਉਚ ਅਧਿਕਾਰੀਆਂ ਦਾ ਇਥੇ ਆਉਣ 'ਤੇ ਨਿੱਘਾ ਸਵਾਗਤ ਵੀ ਕੀਤਾ ਗਿਆ। ਇਸ ਸਮੇਂ ਉਨ੍ਹਾਂ ਦੇ ਨਾਲ ਡੀਨ, ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ, ਪ੍ਰੋ. ਹਰਦੀਪ ਸਿੰਘ, ਡੀਨ, ਵਿਦਿਆਰਥੀ ਭਲਾਈ ਤੋਂ ਇਲਾਵਾ ਹੋਰ ਵੀ ਉਚ ਅਧਿਕਾਰੀ ਹਾਜ਼ਰ ਸਨ।
ਫੌਜ ਦੇ ਜੈਜ਼ ਬੈਂਡ ਦੇ ਇਤਿਹਾਸ ਅਤੇ ਫੌਜ ਦੇ ਇਤਿਹਾਸ ਦੇ ਵੱਖ ਵੱਖ ਪਹਿਲੂਆਂ ਨੂੰ ਵੀ ਸੰਗੀਤ ਦੇ ਨਾਲ ਨਾਲ ਪੇਸ਼ ਕੀਤਾ ਗਿਆ ਜਿਸ ਦੇ ਨਾਲ ਦਰਸ਼ਕ ਜਿਥੇ ਦੇਸ਼ ਭਗਤੀ ਦੇ ਗੀਤਾਂ ਵਿਚ ਝੂਮਦੇ ਰਹੇ ਉਥੇ ਉਹ ਭਾਰਤੀ ਫੌਜ ਦੇ ਜਾਂਬਾਜ਼ ਕਾਰਨਾਮਿਆਂ ਅਤੇ ਵੱਖ ਵੱਖ ਇਤਿਹਾਸਕ ਲੜਾਈ ਦੇ ਦ੍ਰਿਸ਼ਾਂ ਨੂੰ ਵੀ ਮਾਣਦੇ ਰਹੇ।
ਮੇਜਰ ਜਨਰਲ ਬਿਕਰਮ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਇਸ ਸਮਾਰੋਹ ਨੂੰ ਕਰਵਾਉਣ ਦਾ ਮਕਸਦ ਨੌਜੁਆਨਾਂ ਵਿਚ ਦੇਸ਼ ਭਗਤੀ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਫੌਜ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਹੈ। ਬੈਂਡ ਵੱਲੋਂ ਦੇਸ਼ ਭਗਤੀ ਦੇ ਗਾਏ ਗਏ ਗੀਤਾਂ ਵਿਚੋਂ ਰੰਗ ਦੇ ਬਸੰਤੀ ਚੋਲਾ ਨੇ ਦਰਸ਼ਕਾਂ ਨੂੰ ਅਜਿਹਾ ਦੇਸ਼ ਭਗਤੀ ਦਾ ਰੰਗ ਚੜ੍ਹਾਇਆ ਕਿ ਉਹ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਗੂੰਜ ਉਠੇ। ਇਸ ਤੋਂ ਇਲਾਵਾ "ਚੱਕ ਦੇ ਇੰਡੀਆ, ਜੈ ਹੋ, ਵਤਨ ਵਾਲੋ ਵਤਨ ਦਾ ਬੇਚ ਦੇਨਾ, ਹਮ ਇੰਡੀਆ ਵਾਲੇ, ਵਤਨਾ ਵੇ ਵਤਨਾ, ਬਾਰ ਬਾਰ ਹਾਂ ਬੋਲ ਯਾਰ ਹਾਂ ਅਪਨੀ ਜੀਤ ਉਨਕੀ ਹਾਰ ਹਾਂ" ਦੇ ਗੀਤ ਵੱਖ ਵੱਖ ਰੈਜੀਮੈਂਟ ਵੱਲੋਂ ਜੈਜ਼ ਬੈਂਡ ਨਾਲ ਪੇਸ਼ ਕੀਤੇ ਗਏ।