ਸੰਜੀਵ ਸੂਦ
ਲੁਧਿਆਣਾ, 23 ਜਨਵਰੀ 2020 - ਲੁਧਿਆਣਾ ਵਿੱਚ ਟਰੈਫਿਕ ਦੀ ਸਮੱਸਿਆ ਦੇ ਮੱਦੇਨਜ਼ਰ ਲਗਾਤਾਰ ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਖਾਸ ਕਰਕੇ ਜੋ ਲੋਕ ਹੁਣ ਵਿਦੇਸ਼ਾਂ ਵਿੱਚ ਜਾਣਾ ਚਾਹੁੰਦੇ ਨੇ ਅਤੇ ਜੇਕਰ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਤਾਂ ਉਨ੍ਹਾਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ, ਕਿਉਂਕਿ ਟ੍ਰੈਫਿਕ ਨਿਯਮਾਂ ਦੀ ਵਾਰ-ਵਾਰ ਉਲੰਘਣਾ ਕਰਨ ਵਾਲਿਆਂ ਦੇ ਪਾਸਪੋਰਟ ਤੱਕ ਰੱਦ ਕਰਨ ਦੀ ਤਜਵੀਜ਼ ਲੁਧਿਆਣਾ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਲੁਧਿਆਣਾ ਦੇ ਵਿੱਚ ਨਜਾਇਜ਼ ਕਬਜ਼ਿਆਂ ਦੇ ਖਿਲਾਫ਼ ਵੀ ਪੁਲਿਸ ਨੇ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਇੱਕ ਦਿਨ 'ਚ ਹੀ 29 ਲੋਕਾਂ 'ਤੇ ਮਾਮਲੇ ਦਰਜ ਕਰ ਲਏ ਗਏ ਹਨ।
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਹੈ ਕਿ ਟ੍ਰੈਫਿਕ ਦੀ ਸਮੱਸਿਆ ਲੁਧਿਆਣਾ ਵਿੱਚ ਵੱਡੀ ਸਮੱਸਿਆ ਹੈ। ਜਿਸ ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਨੇ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਸਖਤ ਐਕਸ਼ਨ ਲੈਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਪਾਸਪੋਰਟ ਅਤੇ ਅਸਲਾ ਲਾਇਸੰਸ ਤੱਕ ਰੱਦ ਕੀਤੇ ਜਾ ਸਕਦੇ ਹਨ। ਇਕ ਉਨ੍ਹਾਂ ਕਿਹਾ ਕਿ ਅੰਬੈਸੀਆਂ ਵੱਲੋਂ ਵੀ ਪੰਜਾਬ ਪੁਲਿਸ ਦੇ ਨਾਲ ਇਸ ਸਬੰਧੀ ਰਾਬਤਾ ਕਾਇਮ ਕਰਕੇ ਡਾਟਾ ਇਕੱਤਰ ਕੀਤਾ ਜਾ ਰਿਹਾ ਹੈ, ਕਿਉਂਕਿ ਜੋ ਲੋਕ ਇੱਥੇ ਟਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਉਨ੍ਹਾਂ ਦੀ ਵਿਦੇਸ਼ਾਂ ਵਿੱਚ ਜਾਣ ਸਬੰਧੀ ਵੀਜ਼ਾ ਲਗਾਉਣ 'ਚ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।