ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਚੰਦਰ ਗੈਂਦ ਕੋਲ ਕਾਰਵਾਈ ਦੀ ਮੰਗ ਲੈ ਕੇ ਪੁੱਜੇ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਦੇ ਅਹੁਦੇਦਾਰ
ਬਾਬੂਸ਼ਾਹੀ ਬਿਊਰੋ
ਫਿਰੋਜ਼ਪੁਰ 23 ਜਨਵਰੀ ; ਦੇਸ਼ ਦਾ ਭਵਿੱਖ ਵਿਦਿਆਰਥੀਆਂ ਦੇ ਚਰਿੱਤਰ ਅਤੇ ਸਫਲ ਜੀਵਨ ਦੇ ਨਿਰਮਾਤਾ ਕਹੇ ਜਾਣ ਵਾਲੇ ਅਧਿਆਪਕ ਵਰਗ ਵੱਲੋਂ ਸੱਭਿਅਤਾ ਦੀਆਂ ਹੱਦਾਂ ਪਾਰ ਕਰਕੇ ਆਪਣੀ ਛੋਟੀ ਸੋਚ ਦਾ ਪ੍ਰਗਟਾਵਾ ਕਰਨ ਦੀ ਘਟਨਾ ਇਕ ਵਾਰ ਫਿਰ ਫ਼ਿਰੋਜ਼ਪੁਰ ਦੀ ਧਰਤੀ ਤੇ ਕਥਿਤ ਤੌਰ ਤੇ ਵਾਪਰੀ ਹੈ ।
ਇਸ ਵਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫ਼ਿਰੋਜ਼ਪੁਰ ਵਿਖੇ ਤਾਇਨਾਤ ਸਕੂਲ ਪ੍ਰਿੰਸੀਪਲ ਰਜੇਸ਼ ਮਹਿਤਾ ਵੱਲੋਂ ਇੱਕ ਮਹਿਲਾ ਅਧਿਆਪਕ ਨਾਲ ਬਦਸਲੂਕੀ ਕੀਤੀ ਗਈ ।
ਇਸ ਤੋਂ ਪਹਿਲਾਂ ਇਸੇ ਸਰਹੱਦੀ ਜਿਲ੍ਹੇ ਅੰਦਰ ਇੱਕ ਜਿਲ੍ਹਾ ਸਿੱਖਿਆ ਅਫ਼ਸਰ ਵਿਰੁੱਧ ਸਿੱਖਿਆ ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਚੁੱਕੀ ਹੈ ।
ਮਮਦੋਟ ਵਿਖੇ ਤਾਇਨਾਤ ਇੱਕ ਪ੍ਰਿੰਸੀਪਲ ਵਿਰੁੱਧ ਸਿੱਖਿਆ ਵਿਭਾਗ ਵੱਲੋਂ ਵੱਡੀ ਕਾਰਵਾਈ ਹੋਣ ਦੀ ਸੂਚਨਾ ਹੈ ।
ਆਲਾ ਮਿਆਰੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪ੍ਰਿੰਸੀਪਲ ਨੂੰ ਸਿੱਖਿਆ ਵਿਭਾਗ ਵੱਲੋਂ ਜਬਰੀ ਸੇਵਾ ਮੁਕਤ ਕਰ ਦਿੱਤਾ ਗਿਆ ਹੈ ।
ਤਾਜ਼ਾ ਵਾਪਰੀ ਬਦਸਲੂਕੀ ਦੀ ਘਟਨਾ ਵਿੱਚ ਬਤੌਰ ਹਿੰਦੀ ਮਿਸਟ੍ਰੈਸ ਜੁਆਇਨ ਕਰਨ ਪੁੱਜੀ ਮਹਿਲਾ ਅਧਿਆਪਕਾ ਦੇ ਪਤੀ ਅਤੇ ਅਧਿਆਪਕਾ ਨਾਲ ਬਦਸਲੂਕੀ ਕੀਤੀ ।
ਅਧਿਆਪਕਾ ਨੂੰ ਗਾਲਾਂ ਕੱਢਣ ਅਤੇ ਧਮਕੀਆਂ ਦੇਣ ਦੇ ਵੀ ਦੋਸ਼ ਲੱਗੇ ਹਨ ।
ਇਸ ਤੋਂ ਵੀ ਅੱਗੇ ਵਧਦਿਆਂ ਇਸ ਪ੍ਰਿੰਸੀਪਲ ਵੱਲੋਂ ਆਪਣਾ ਸਕੂਲ ਸਟਾਫ਼ ਇਕੱਠਾ ਕਰਕੇ ਸ਼ੇਮ - ਸ਼ੇਮ ਦੇ ਨਾਅਰੇ ਲਗਵਾ ਕੇ ਬੇਇੱਜ਼ਤ ਕੀਤਾ ਗਿਆ ।
ਇਸੇ ਸਕੂਲ ਅੰਦਰ ਇਹ ਅਧਿਆਪਕਾ ਪਿਛਲੇ 6 ਸਾਲ ਤੋਂ ਪਹਿਲਾਂ ਬਤੌਰ ਸਕੂਲ ਗਾਈਡੈਂਸ ਕੌਂਸਲਰ ਵਜੋਂ ਕੰਮ ਕਰ ਰਹੀ ਸੀ ਪਰ ਹੁਣ ਜਦੋਂ ਉਸ ਦੀ ਅਧਿਆਪਕਾ ਵਜੋਂ ਨਿਯੁਕਤੀ ਹੋਈ ਤਾਂ ਉਹ 20 ਜਨਵਰੀ ਨੂੰ ਆਪਣੇ ਪਤੀ ਅਤੇ ਉਨ੍ਹਾਂ ਦੇ ਨਾਲ ਕੁਝ ਹੋਰ ਸਾਥੀਆਂ ਸਮੇਤ ਜੁਆਇਨ ਕਰਨ ਪੁੱਜੀ ਸੀ ।
ਦੱਸਿਆ ਗਿਆ ਹੈ ਕਿ ਸਕੂਲ ਪ੍ਰਿੰਸੀਪਲ ਉਸ ਵਕਤ ਭੜਕ ਗਿਆ ਜਦੋਂ ਜੁਆਇਨ ਕਰਨ ਮੌਕੇ ਮਹਿਲਾ ਅਧਿਆਪਕਾ ਦੀ ਫੋਟੋ ਕੀਤੀ ਗਈ ।
ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੀ ਤਾਇਨਾਤ ਜ਼ਿਲ੍ਹਾ ਸਿੱਖਿਆ ਅਫ਼ਸਰ ਨੇਕ ਸਿੰਘ ਨੂੰ ਸਕੱਤਰ ਸਕੂਲ ਸਿੱਖਿਆ ਪੰਜਾਬ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਸੀ ।
ਉਸ ਉੱਪਰ ਦੋਸ਼ ਲੱਗੇ ਸਨ ਕਿ ਉਸ ਨੇ ਪੰਜਾਬ ਦੇ ਇੱਕ ਵਿਧਾਇਕ ਨਾਲ ਬੋਲਚਾਲ ਦੌਰਾਨ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ।
ਪ੍ਰਾਪਤ ਸੂਚਨਾ ਅਨੁਸਾਰ ਇਸ ਮਹਿਲਾ ਅਧਿਆਪਕ ਨੇ ਪੁਲਸ ਕੋਲ ਸ਼ਿਕਾਇਤ ਕਰਨ ਦੇ ਨਾਲ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਬਣਦੀ ਕਾਰਵਾਈ ਕਰਨ ਲਈ ਲਿਖਿਆ ਹੈ ।
ਇਸ ਦੌਰਾਨ ਹੀ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਨੇ ਹੋਈ ਘਟਨਾ ਦੇ ਉੱਪਰ ਕਾਰਵਾਈ ਨਾ ਹੁੰਦੀ ਦੇਖ ਕੇ ਮਹਿਲਾ ਅਧਿਆਪਕਾ ਦੇ ਹੱਕ ਵਿੱਚ ਖੜ੍ਹਦਿਆਂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਚੰਦਰ ਗੈਂਦ ਕੋਲ ਬਣਦੀ ਕਾਰਵਾਈ ਕਰਨ ਲਈ ਕਿਹਾ ਹੈ ।
ਇਸ ਘਟਨਾ ਉੱਪਰ ਵੱਖ - ਵੱਖ ਜਥੇਬੰਦੀਆਂ ਨੇ ਸਖਤ ਲਫਜਾਂ ਵਿਚ ਨਿੰਦਾ ਕਰਦਿਆਂ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ।
ਇਸ ਦੌਰਾਨ ਸਬੰਧਤ ਸਕੂਲ ਪ੍ਰਿੰਸੀਪਲ ਨਾਲ ਸੰਪਰਕ ਕਰਨ ਤੇ ਉਸ ਨੇ ਕਿਹਾ ਕਿ ਉਸ ਦੀ ਅਜਿਹੀ ਕੋਈ ਭਾਵਨਾ ਨਹੀਂ ਸੀ ।