ਲੋਕੇਸ਼ ਰਿਸ਼ੀ
ਗੁਰਦਾਸਪੁਰ, 24 ਜਨਵਰੀ 2020 - 26 ਜਨਵਰੀ ਨੂੰ ਮਨਾਏ ਜਾ ਰਹੇ 71 ਵੇਂ ਗਣਤੰਤਰ ਦਿਵਸ ਦੇ ਰਾਜ ਪੱਧਰੀ ਸਮਾਰੋਹ ਸਬੰਧੀ ਅੱਜ ਸਥਾਨਕ ਸ਼ਹੀਦ ਲੈ. ਨਵਦੀਪ ਸਿੰਘ (ਅਸ਼ੋਕ ਚੱਕਰ) ਖੇਡ ਸਟੇਡੀਅਮ ਵਿਖੇ ਫੁੱਲ ਡਰੈੱਸ ਰਿਹਰਸਲ ਕਰਵਾਈ ਗਈ, ਜਿਸ ਵਿੱਚ ਵੱਖ-ਵੱਖ ਸਕੂਲੀ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਸਭਿਆਚਾਰਕ ਪ੍ਰੋਗਰਾਮ ਨੇ ਚੰਗਾ ਰੰਗ ਬੰਨ੍ਹਿਆ। ਫੁੱਲ ਡਰੈੱਸ ਰਿਹਰਸਲ ਦੌਰਾਨ ਐੱਸ.ਪੀ.ਐੱਸ ਪਰਮਾਰ, ਆਈ.ਜੀ ਬਾਰਡਰ ਰੇਂਜ ਅੰਮ੍ਰਿਤਸਰ ਵੱਲੋਂ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਵਿਪੁਲ ਉੱਜਵਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਐੱਸ.ਐੱਸ.ਪੀ. ਸਵਰਨਦੀਪ ਸਿੰਘ ਵੀ ਮੌਜੂਦ ਸਨ।
ਪਰੇਡ ਕਮਾਂਡਰ ਦੀ ਅਗਵਾਈ ਡਾ. ਮਹਿਤਾਬ ਸਿੰਘ ਆਈ.ਪੀ.ਐੱਸ ਨੇ ਕੀਤੀ, ਜਿਸ ਵਿੱਚ ਪੰਜਾਬ ਪੁਲਿਸ, ਚੰਡੀਗੜ੍ਹ ਤੇ ਹਰਿਆਣਾ ਪੁਲਿਸ, ਪੰਜਾਬ ਹੋਮਗਾਰਡਜ਼, ਸਾਬਕਾ ਫ਼ੌਜੀ, ਐਨ.ਸੀ.ਸੀ. ਗਰਲਜ਼ ਗਾਈਡਜ਼, ਬੈਂਡ ਅਤੇ ਸਕਾਊਟਸ ਦੀਆਂ ਟੁਕੜੀਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ ਅਤੇ ਇਸ ਸ਼ਾਨਦਾਰ ਮਾਰਚ ਪਾਸਟ ਵੱਲੋਂ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਗਈ।
ਸਭਿਆਚਾਰਕ ਪ੍ਰੋਗਰਾਮ ਤੋਂ ਪਹਿਲ ਪੀ.ਟੀ. ਸ਼ੋਅ ਹੋਇਆ, ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਕਰੀਬ 850 ਵਿਦਿਆਰਥੀ ਸ਼ਾਮਲ ਸਨ। ਉਪਰੰਤ ਸਕੂਲੀ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਆਪੋ-ਆਪਣਾ ਹੁਨਰ ਬਿਖੇਰਿਆ। ਦੇਸ਼ ਭਗਤੀ ਨਾਲ ਲਬਰੇਜ਼ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਰਿਹਰਸਲ ਉਪਰੰਤ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 26 ਜਨਵਰੀ ਨੂੰ ਗੁਰਦਾਸਪੁਰ ਵਿਖੇ ਰਾਜ ਪੱਧਰ 'ਤੇ ਗਣਤੰਤਰ ਦਿਵਸ ਪੂਰੇ ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਹੱਤਵਪੂਰਨ ਦਿਹਾੜੇ 'ਤੇ ਵੀ.ਪੀ ਸਿੰਘ ਬਦਨੌਰ ਮਾਣਯੋਗ ਰਾਜਪਾਲ ਪੰਜਾਬ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ ਅਤੇ ਉਹ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ।
ਉਨ੍ਹਾਂ ਕਿਹਾ ਕਿ ਇਸ ਦਿਨ ਜਿੱਥੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ, ਉੱਥੇ ਰਾਜ ਪੱਧਰ 'ਤੇ ਵੱਖ-ਵੱਖ ਖੇਤਰਾਂ ਵਿੱਚ ਵਿਲੱਖਣ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਸਮਾਗਮ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਝਾਕੀਆਂ ਵੀ ਕੱਢੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਰਾਜ ਪੱਧਰੀ ਗਣਤੰਤਰ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ 24 ਘੰਟੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਰਿਹਰਸਲ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਖੇਡ ਸਟੇਡੀਅਮ ਵਿਚ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਅਤੇ ਗਣਤੰਤਰ ਦਿਵਸ ਵਿਚ ਹਿੱਸਾ ਲੈ ਰਹੇ ਸਕੂਲਾਂ ਦੇ ਇੰਚਾਰਜਾਂ ਨਾਲ ਮੀਟਿੰਗ ਕੀਤੀ ਤੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਰਾਜ ਪੱਧਰੀ ਗਣਤੰਤਰ ਦਿਵਸ ਦੇ ਮਹੱਤਵਪੂਰਨ ਦਿਹਾੜੇ 'ਤੇ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ-ਪੇਸ਼ੀ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇਸ ਮਹਾਨ ਦਿਵਸ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਨੇਪਰੇ ਚਾੜ੍ਹਿਆ ਜਾਵੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਨ ਦਿਵਸ 'ਤੇ ਪੂਰੇ ਉਤਸ਼ਾਹ ਨਾਲ ਹਿੱਸਾ ਲੈਣ।