ਲੋਕੇਸ਼ ਰਿਸ਼ੀ
ਗੁਰਦਾਸਪੁਰ, 24 ਜਨਵਰੀ 2020- ਆਪਣੇ ਲੋਹਾ ਕਾਰੋਬਾਰ ਕਾਰਨ ਦੇਸ਼ ਤੋਂ ਇਲਾਵਾ ਪੂਰੀ ਦੁਨੀਆ 'ਚ ਆਪਣੀ ਪਹਿਚਾਣ ਰੱਖਣ ਵਾਲਾ ਸ਼ਹਿਰ ਬਟਾਲਾ ਮੌਜੂਦਾ ਸਮੇਂ ਦੌਰਾਨ ਭਾਰੀ ਮੰਦੀ ਦਾ ਸਾਹਮਣਾ ਕਰ ਰਿਹਾ ਹੈ। ਬੀਤੇ 6 ਦਹਾਕਿਆਂ ਅੰਦਰ ਦੇਸ਼ ਅਤੇ ਸੂਬੇ ਅੰਦਰ ਕਾਬਜ਼ ਹੋਈਆਂ ਸਮੇਂ ਦੀਆਂ ਸਰਕਾਰਾਂ ਵੱਲੋਂ ਵਰਤੀ ਗਈ ਨੀਤੀ ਕਾਰਨ 65 ਫ਼ੀਸਦੀ ਸਥਾਨਕ ਲੋਹਾ ਕਾਰੋਬਾਰੀ ਇਸ ਕੰਮ ਨੂੰ ਛੱਡ ਚੁੱਕੇ ਹਨ। ਹੋਰ ਤੇ ਹੋਰ ਇੱਥੇ ਬਹੁਤ ਸਾਰੇ ਅਜਿਹੇ ਲੋਕ ਮਿਲ ਜਾਣਗੇ ਜੋ 20 ਜਾਂ 30 ਸਾਲ ਪਹਿਲਾਂ ਤੱਕ ਕਰੋੜਾਂ ਰੁਪਏ ਦਾ ਲੋਹਾ ਕਾਰੋਬਾਰ ਕਰਦੇ ਸਨ। ਪਰ ਅੱਜ ਚਾਹ ਵੇਚਣ ਲਈ ਮਜਬੂਰ ਹਨ।
ਲੋਹਾ ਵਪਾਰੀਆਂ ਦੀ ਇਸੇ ਮੁਸ਼ਕਿਲ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਲੋਹਾ ਵਪਾਰੀਆਂ ਨਾਲ ਇੱਕ ਵਿਸ਼ੇਸ਼ ਬੈਠਕ ਕਰ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ। ਨਾਲ ਹੀ ਮੰਤਰੀ ਨੇ ਭਰੋਸਾ ਦਵਾਇਆ ਕਿ ਉਹ ਜਲਦ ਹੀ ਪੰਜਾਬ ਸਰਕਾਰ ਨਾਲ ਮਸ਼ਵਰਾ ਕਰ ਕੇ ਮੁਸ਼ਕਲਾਂ ਹੱਲ ਕਰਨ ਦੀ ਕੋਸ਼ਿਸ਼ ਕਰਨਗੇ।
ਇਸੇ ਦੌਰਾਨ ਸਥਾਨਕ ਲੋਹਾ ਵਪਾਰੀਆਂ ਨਾਲ ਗੱਲ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਕਾਰਨ ਖ਼ਾਤਮੇ ਤੱਕ ਪਹੁੰਚ ਚੁੱਕੇ ਹਨ ਅਤੇ ਅੱਜ ਉਨ੍ਹਾਂ ਨੇ ਕੈਬਿਨੇਟ ਮੰਤਰੀ ਨੂੰ ਆਪਣੀਆਂ ਮੁੱਖ 6 ਲੋੜਾਂ ਤੋਂ ਜਾਣੂ ਕਰਵਾਇਆ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਇਹਨਾਂ ਜ਼ਰੂਰਤਾਂ 'ਚ ਸਬ ਤੋਂ ਵੱਡਾ ਕਾਰਨ ਬਿਜਲੀ ਦਰਾਂ ਹਨ ਅਤੇ ਪੰਜਾਬ ਸਰਕਾਰ ਵੱਲੋਂ ਭਾਵੇਂ ਲੋਹਾ ਕਾਰੋਬਾਰ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਵਾਰ ਵਾਰ ਇਹਨਾਂ ਨੂੰ ਘੱਟ ਕੀਤੇ ਜਾਣ ਦੇ ਐਲਾਨ ਕੀਤੇ ਗਏ।
ਪਰ ਹੁਣ ਤੱਕ ਉਨ੍ਹਾਂ ਐਲਾਨਾਂ ਨੂੰ ਅਮਲੀ ਜਾਮਾ ਨਹੀਂ ਪਵਾਇਆ ਗਿਆ। ਨਾਲ ਹੀ ਉਨ੍ਹਾਂ ਦੱਸਿਆ ਕਿ ਬਟਾਲਾ ਦੇ ਵਪਾਰੀਆਂ ਨੂੰ ਬਾਹਰੋਂ ਆਉਣ ਵਾਲੇ ਕੱਚੇ ਮਾਲ ਲਈ 10 ਫ਼ੀਸਦੀ ਟੈਕਸ ਲਾਇਆ ਗਿਆ ਹੈ ਅਤੇ ਇੰਨਾ ਹੀ ਟੈਕਸ ਮਾਲ ਨੂੰ ਤਿਆਰ ਕਰ ਕੇ ਵਾਪਸ ਭੇਜਣ ਤੇ ਵੀ ਲਾਇਆ ਜਾਂਦਾ ਹੈ। ਜਿਸ ਕਾਰਨ ਸਥਾਨਕ ਵਪਾਰੀਆਂ ਨੂੰ ਢੋਆ ਢੁਆਈ ਤੋਂ ਵੱਖ 20 ਫ਼ੀਸਦੀ ਤੋਂ ਵੱਧ ਲੱਗੇ ਟੈਕਸ ਕਾਰਨ ਜਿਨਸਾਂ ਦੇ ਮੁੱਲ 'ਚ ਵਾਧਾ ਹੋਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਬਟਾਲਾ ਦੇ ਕਾਰੋਬਾਰੀਆਂ ਵੱਲੋਂ ਅਜਿਹੀਆਂ ਹੀ ਕੁੱਝ ਮੰਗਾਂ ਨੂੰ ਲੈ ਕੇ ਮੰਤਰੀ ਬਾਜਵਾ ਨਾਲ ਮੁਲਾਕਾਤ ਕੀਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਲੋਹਾ ਕਾਰੋਬਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ।