- ਭਲਕੇ 26 ਜਨਵਰੀ ਨੂੰ ਪੰਜਾਬ ਖ਼ਿਲਾਫ਼ ਸੜਕਾਂ 'ਤੇ ਉਤਰਨਗੇ ਬੇਰੁਜ਼ਗਾਰ ਅਧਿਆਪਕ
ਸੰਗਰੂਰ, 24 ਜਨਵਰੀ 2020 - ਚਾਰ ਮਹੀਨਿਆਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਟੈੱਟ ਪਾਸ ਬੇਰੁਜ਼ਗਾਰ ਈਟੀਟੀ ਅਤੇ ਬੀਐੱਡ ਅਧਿਆਪਕਾਂ ਵੱਲੋਂ ਅਸਾਮੀਆਂ ਦੇ ਵਾਧੇ ਅਤੇ ਭਰਤੀ ਦਾ ਇਸ਼ਤਿਹਾਰ ਜਾਰੀ ਕਰਵਾਉਣ ਲਈ ਸੰਘਰਸ਼ਸ਼ੀਲ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ 26 ਜਨਵਰੀ ਨੂੰ ਸੰਗਰੂਰ ਵਿਖੇ ਸੂਬਾਈ ਰੋਸ-ਮੁਜ਼ਾਹਰਾ ਕਰਨ ਦਾ ਦਾ ਐਲਾਨ ਕੀਤਾ ਗਿਆ ਹੈ।
ਬੇਰੁਜ਼ਗਾਰ ਅਧਿਆਪਕ ਆਗੂਆਂ ਦੀਪਕ।ਕੰਬੋਜ਼ ਅਤੇ ਸੁਖਵਿੰਦਰ ਢਿੱਲਵਾਂ ਨੇ ਕਿਹਾ ਕਿ ਈਟੀਟੀ ਉਮੀਦਵਾਰਾਂ ਲਈ 500 ਅਤੇ ਬੀਐੱਡ ਲਈ 2182 ਅਸਾਮੀਆਂ ਦੀ ਪ੍ਰਵਾਨਗੀ ਬੇਰੁਜ਼ਗਾਰ ਅਧਿਆਪਕਾਂ ਨਾਲ ਕੋਝਾ ਮਜ਼ਾਕ ਹੈ, ਕਿਉਂਕਿ ਪੰਜਾਬ ਵਿੱਚ ਕਰੀਬ 15 ਹਜ਼ਾਰ ਈਟੀਟੀ ਅਤੇ 50 ਹਜ਼ਾਰ ਬੀਐੱਡ ਟੈੱਟ ਪਾਸ ਉਮੀਦਵਾਰ ਹਨ ਅਤੇ ਸਰਕਾਰੀ ਸਕੂਲਾਂ 'ਚ ਹਜ਼ਾਰਾਂ ਅਸਾਮੀਆਂ ਖਾਲੀ ਹਨ। ਇਸ ਕਰਕੇ ਨਿਗੁਣੀ ਭਰਤੀ ਦਾ ਮੰਤਵ ਮਹਿਜ਼ ਖਜ਼ਾਨਾ ਭਰਨਾ ਅਤੇ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਠੰਢਾ ਪਾਉਣਾ ਹੈ।
ਪਰ ਪੰਜਾਬ ਦੇ ਬੇਰੁਜ਼ਗਾਰ ਅਧਿਆਪਕ ਇਸ ਫੈਸਲੇ ਦਾ ਤਿੱਖਾ ਵਿਰੋਧ ਕਰਦਿਆਂ ਮੰਗ ਕਰਦੇ ਹਨ ਕਿ ਅਸਾਮੀਆਂ ਦੀ ਗਿਣਤੀ 'ਚ ਵਾਧਾ ਕਰਦਿਆਂ ਸਰਕਾਰੀ ਸਕੂਲਾਂ 'ਚ ਖਾਲੀ ਪਈਆਂ ਕੁੱਲ ਅਸਾਮੀਆਂ ਭਰਨ ਲਈ ਈਟੀਟੀ ਦੀਆਂ 12 ਹਜ਼ਾਰ ਅਤੇ ਬੀਐੱਡ ਦੀਆਂ 15 ਹਜ਼ਾਰ ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇ। ਉਹਨਾਂ ਕਿਹਾ ਕਿ ਟੈੱਟ ਪਾਸ ਕਰਨ ਦੇ ਬਾਵਜੂਦ ਹਜ਼ਾਰਾਂ ਉਮੀਦਵਾਰ ਨੌਕਰੀ ਉਡੀਕਦਿਆਂ ਭਰਤੀ ਲਈ ਨਿਰਧਾਰਿਤ ਉਮਰ-ਸੀਮਾ ਲੰਘਾ ਚੁੱਕੇ ਹਨ, ਇਸ ਕਰਕੇ ਭਰਤੀ ਲਈ ਉਮਰ-ਹੱਦ 37 ਤੋਂ 42 ਸਾਲ ਕੀਤੀ ਜਾਵੇ।