ਸੰਜੀਵ ਸੂਦ
ਲੁਧਿਆਣਾ, 24 ਜਨਵਰੀ 2020 - ਗਣਤੰਤਰ ਦਿਹਾੜੇ ਮੌਕੇ ਲੋਕਾਂ ਨੂੰ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਸੋਮਵਾਰ ਨੂੰ ਸੂਬੇ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਵੀ ਪੈ ਸਕਦਾ ਹੈ। ਇਹ ਭਵਿੱਖਬਾਣੀ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ। ਆਉਂਦੇ ਸੋਮਵਾਰ ਤੋਂ ਮੰਗਲਵਾਰ ਤੱਕ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਸੰਘਣੀ ਧੁੰਦ ਦੇ ਨਾਲ ਮੀਂਹ ਪੈ ਸਕਦਾ ਹੈ। ਜਿਸ ਨਾਲ ਦਿਨ ਦੇ ਤਾਪਮਾਨ ਅਤੇ ਰਾਤ ਦੇ ਤਾਪਮਾਨ ਦੇ ਵਿੱਚ ਹੋਰ ਵੀ ਗਿਰਾਵਟ ਦਰਜ ਕੀਤੀ ਜਾਵੇਗੀ ਅਤੇ ਸੂਬਾ ਵਾਸੀਆਂ ਨੂੰ ਜਨਵਰੀ ਮਹੀਨੇ ਦੇ ਆਖਰ ਤੱਕ ਠੰਡ ਤੋਂ ਫਿਲਹਾਲ ਕੋਈ ਰਾਹਤ ਨਹੀਂ ਮਿਲੇਗੀ।
ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁੱਖੀ ਡਾ ਪ੍ਰਭਜੋਤ ਕੌਰ ਨੇ ਦੱਸਿਆ ਕਿ ਐਤਵਾਰ ਨੂੰ ਗਣਤੰਤਰ ਦਿਹਾੜੇ ਮੌਕੇ ਸੰਘਣੀ ਧੁੰਦ ਪੈਣ ਦੇ ਆਸਾਰ ਨੇ ਜਦ ਕਿ ਦੂਜੇ ਪਾਸੇ ਸੋਮਵਾਰ ਤੋਂ ਲੈ ਕੇ ਮੰਗਲਵਾਰ ਤੱਕ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਜਿਸ ਨਾਲ ਘੱਟੋ ਘੱਟ ਪਾਰੇ ਦੇ ਵਿੱਚ ਹੋਰ ਗਿਰਾਵਟ ਦਰਜ ਕੀਤੀ ਜਾਵੇਗੀ ਅਤੇ ਸੂਬਾ ਵਾਸੀਆਂ ਨੂੰ ਸਵੇਰੇ ਅਤੇ ਸ਼ਾਮ ਵੇਲੇ ਘੜੀ ਠੰਡ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਵੀ ਕਿਹਾ ਕਿ ਮੀਂਹ ਪੈਣ ਤੋਂ ਬਾਅਦ ਮੌਸਮ ਬਹੁਤਾ ਸਾਫ ਹੋਣ ਦੀ ਉਮੀਦ ਨਹੀਂ ਹੈ। ਠੰਢ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਧੁੰਦ ਤੇ ਕੋਹਰੇ 'ਚ ਵੀ ਵਾਧਾ ਹੋਵੇਗਾ।
ਜ਼ਿਕਰੇਖ਼ਾਸ ਹੈ ਕਿ ਬੀਤੇ ਕੁਝ ਦਿਨਾਂ ਤੋਂ ਲੋਕਾਂ ਨੂੰ ਲਗਾਤਾਰ ਪੈ ਰਹੀ ਕੜਾਕੇ ਦੀ ਠੰਡ ਤੋਂ ਕੁਝ ਰਾਹਤ ਜ਼ਰੂਰ ਮਿਲੀ ਸੀ। ਦਿਨ ਵੇਲੇ ਧੁੱਪ ਨਿਕਲਣ ਕਰਕੇ ਲੋਕ ਠੰਡ ਘੱਟ ਮਹਿਸੂਸ ਕਰ ਰਹੇ ਸਨ ਪਰ ਹੁਣ ਮੁੜ ਤੋਂ ਸੋਮਵਾਰ ਨੂੰ ਮੀਂਹ ਪੈਣ ਨਾਲ ਇਕ ਵਾਰ ਠੰਡ ਚ ਵਾਧਾ ਹੋਵੇਗਾ।