ਸੰਜੀਵ ਸੂਦ
ਲੁਧਿਆਣਾ, 24 ਜਨਵਰੀ 2020 - ਲੁਧਿਆਣਾ ਦੇ ਵਿੱਚ ਆਰਟੀਆਈ ਐਕਟੀਵਿਸਟ ਕੁਲਦੀਪ ਖਹਿਰਾ ਵੱਲੋਂ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਖ਼ਿਲਾਫ਼ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਾਈ ਗਈ ਪਟੀਸ਼ਨ ਨੂੰ ਲੈ ਕੇ ਅੱਜ ਸਿੱਧੂ ਮੂਸੇ ਵਾਲਾ ਏ.ਸੀ.ਪੀ. ਜਸ਼ਨਦੀਪ ਸਿੰਘ ਗਿੱਲ ਕੋਲ ਪੇਸ਼ ਹੋਣ ਲਈ ਪਹੁੰਚੇ। ਇਸ ਦੌਰਾਨ ਏਸੀਪੀ ਦਫ਼ਤਰ ਵਿੱਚ ਅਫਸਰਾਂ ਦੇ ਬੱਚੇ ਸਿੱਧੂ ਮੂਸੇਵਾਲਾ ਨਾਲ ਤਸਵੀਰਾਂ ਖਿੱਚਾਉਂਦੇ ਵਿਖਾਈ ਦਿੱਤੇ। ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਮੀਡੀਆ ਕਰਮੀਆਂ ਨਾਲ ਵੀ ਉਲਝ ਦਾ ਵਿਖਾਈ ਦਿੱਤਾ। ਸਿੱਧੂ ਮੂਸੇਵਾਲਾ ਦੀ ਮੀਡੀਆ ਕਰਮੀਆਂ ਦੇ ਨਾਲ ਬਦਸਲੂਕੀ ਦਾ ਇੱਕ ਵੀਡੀਓ ਵੀ ਜਾਰੀ ਹੋਇਆ ਹੈ।
ਏਸੀਪੀ ਜਸ਼ਨਦੀਪ ਸਿੰਘ ਗਿੱਲ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਹਥਿਆਰਾਂ ਨੂੰ ਲੈ ਕੇ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਵੱਲੋਂ ਗਾਣਾ ਗਾਇਆ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ਿਕਾਇਤ ਮਿਲਣ ਤੇ ਸਪੱਸ਼ਟੀਕਰਨ ਦੇਣ ਲਈ ਲੁਧਿਆਣਾ ਸੱਦਿਆ ਅਤੇ ਅੱਜ ਸਿੱਧੂ ਮੂਸੇਵਾਲਾ ਨੇ ਸਾਫ ਕੀਤਾ ਕਿ ਇਹ ਗਾਣਾ ਨਾ ਤਾਂ ਉਸ ਵੱਲੋਂ ਲਿਖਿਆ ਗਿਆ ਹੈ ਅਤੇ ਨਾ ਹੀ ਗਾਇਆ ਗਿਆ। ਏਸੀਪੀ ਨੇ ਕਿਹਾ ਕਿ ਮੂਸੇ ਵਾਲੇ ਨੇ ਵੀ ਸਫਾਈ ਦਿੱਤੀ ਹੈ ਕਿ ਇਹ ਗਾਣਾ ਰਿਕਾਰਡ ਨਹੀਂ ਕਰਵਾਇਆ ਗਿਆ। ਇਹ ਸਿਰਫ ਮਨਕੀਰਤ ਔਲਖ ਤੇ ਉਨ੍ਹਾਂ ਵੱਲੋਂ ਆਪਸ 'ਚ ਬੈਠ ਕੇ ਗਾਇਆ ਗਿਆ ਸੀ। ਇਸ ਦੌਰਾਨ ਜਦੋਂ ਦਫਤਰ ਦੇ ਵਿੱਚ ਸੈਲਫੀ ਸੈਸ਼ਨ ਬਾਰੇ ਪੁੱਛਿਆ ਗਿਆ ਤਾਂ ਏਸੀਪੀ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੋਇਆ। ਜਦੋਂ ਕਿ ਮੀਡੀਆ ਕਰਮੀਆਂ ਨਾਲ ਸਿੱਧੂ ਮੂਸੇਵਾਲਾ ਵੱਲੋਂ ਕੀਤੀ ਗਈ ਬਦਸਲੂਕੀ ਸਬੰਧੀ ਸਵਾਲ ਕਰਨ ਤੇ ਏਸੀਪੀ ਜਸ਼ਨਦੀਪ ਸਿੰਘ ਗਿੱਲ ਨੇ ਕਿਹਾ ਕਿ ਜੇਕਰ ਲਿਖਤੀ ਸ਼ਿਕਾਇਤ ਮੀਡੀਆ ਕਰਮੀ ਦੇਣਾ ਚਾਹੁੰਦੇ ਨੇ ਤਾਂ ਉਹ ਦੇ ਸਕਦੇ ਹਨ।