ਹਰੀਸ਼ ਕਾਲੜਾ
ਰੂਪਨਗਰ, 24 ਜਨਵਰੀ 2020 - ਇਰਾਦਾ ਏ ਕਤਲ ਮਾਮਲੇ 'ਚ ਗੈਂਗਸਟਰ ਦਿਲਪ੍ਰੀਤ ਬਾਬਾ ਅਤੇ ਉਸ ਦੇ ਸਾਥੀ ਜਸਪਾਲ ਜੱਸੀ ਕਲਮਾਂ ਗੈਂਗਸਟਰ ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਰੂਪਨਗਰ ਦੀ ਅਦਾਲਤ ਨੇ ਪੰਜ -ਪੰਜ ਸਾਲ ਕੈਦ ਦੀ ਸਜ਼ਾ ਅਤੇ ਪੰਜ- ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਇਸ ਮਾਮਲੇ ਵਿੱਚ ਨਾਮਜਦ ਤੀਸਰੇ ਸਾਥੀ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਹੈ।
ਜਾਣਕਾਰੀ ਦੇ ਅਨੁਸਾਰ ਨੂਰਪੁਰ ਬੇਦੀ ਪੁਲਿਸ ਨੇ ਇਹ ਮਾਮਲਾ ਬਚਿੱਤਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਭਾਉਆਲ ਥਾਣਾ ਨੂਰਪੁਰਬੇਦੀ ਦੇ ਬਿਆਨਾਂ 'ਤੇ ਦਰਜ ਕੀਤਾ ਸੀ। ਬਚਿੱਤਰ ਸਿੰਘ ਨੇ ਆਪਣੇ ਬਿਆਨਾਂ 'ਚ ਕਿਹਾ ਸੀ ਕਿ 4 ਫਰਵਰੀ 2015 ਨੂੰ ਰਾਤ ਸਵਾ 9 ਵਜੇ ਦੇ ਕਰੀਬ ਉਹ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਆਪਣੇ ਘਰ ਤੋਂ ਪਿੰਡ ਬੈਂਸਾਂ ਦੇ ਠੇਕੇ 'ਤੇ ਸ਼ਰਾਬ ਦੀ ਬੋਤਲ ਲੈਣ ਲਈ ਆਇਆ ਸੀ।
ਜਦੋਂ ਉਹ ਠੇਕੇ ਦੇ ਅੱਗੇ ਆ ਕੇ ਰੁਕਿਆ ਤਾਂ ਪਿੱਛੇ ਆ ਰਹੀ ਸਫੈਦ ਰੰਗ ਦੀ ਸਵਿਫਟ ਕਾਰ ਰੁਕੀ। ਜਿਸ ਵਿੱਚ ਦਿਲਪ੍ਰੀਤ ਸਿੰਘ ਪੁੱਤਰ ਉਂਕਾਰ ਸਿੰਘ ਨਿਵਾਸੀ ਢਾਹਾ, ਜਸਪਾਲ ਸਿੰਘ ਪੁੱਤਰ ਸੰਤੋਖ ਸਿੰਘ ਨਿਵਾਸੀ ਪਿੰਡ ਕਲਮਾਂ ਅਤੇ ਇੱਕ ਹੋਰ ਲੜਕਾ ਸਵਾਰ ਸੀ, ਇਨਾਂ ਤਿੰਨਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਅਤੇ ਦਿਲਪ੍ਰੀਤ ਅਤੇ ਜੱਸੀ ਨੇ ਆਪਣੀ ਪਿਸਤੌਲ ਕੱਢ ਕੇ ਉਸ 'ਤੇ ਹਮਲਾ ਕਰ ਦਿੱਤਾ। ਇੱਕ ਫਾਇਰ ਉਸ ਦੀ ਖੱਬੀ ਬਾਂਹ 'ਤੇ ਵੱਜੀ ਅਤੇ ਦੂਜਾ ਫਾਇਰ ਉਸ ਦੇ ਢਿੱਡ ਦੇ ਉਪਰ ਤੋਂ ਲੰਘ ਗਿਆ। ਉਹ ਆਪਣੀ ਜਾਨ ਬਚਾਉਣ ਲਈ ਉੱਥੋਂ ਭੱਜਿਆ ਪਰ ਹਮਲਾਵਰਾਂ ਨੇ ਉਸ 'ਤੇ ਪਿਛੋਂ ਵੀ ਫਾਇਰ ਕੀਤੇ।
ਪੁਲਿਸ ਨੇ ਇਨਾਂ ਬਿਆਨਾਂ ਦੇ ਆਧਾਰ 'ਤੇ ਦਿਲਪ੍ਰੀਤ, ਜੱਸੀ ਅਤੇ ਇੱਕ ਹੋਰ ਵਿਅਕਤੀ 'ਤੇ ਆਈਪੀਸੀ ਦੀ ਧਾਰਾ 307 , 34 ਅਤੇ ਆਰਮ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ । ਜਿਸ 'ਚ ਅਦਾਲਤ ਨੇ ਅੱਜ ਇਸ ਮਾਮਲੇ 'ਚ ਦੋਵੇਂ ਦੋਸ਼ੀਆਂ ਨੂੰ -ਪੰਜ ਪੰਜ ਸਾਲ ਕੈਦ ਦੀ ਸਜਾ ਸੁਣਾਈ ਹੈ ਅਤੇ ਪੰਜ ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ ।ਜੁਰਮਾਨਾ ਜਮਾਨਾ ਕਰਾਉਣ ਦੀ ਹਾਲਤ ਵਿਚ ਤਿੰਨ ਮਹੀਨੇ ਦੀ ਸਜ਼ਾ ਹੋਰ ਕਟਣੀ ਪਵੇਗੀ।