- ਅਨੇਕਾਂ ਸ਼ਖ਼ਸੀਅਤਾਂ ਅੰਤਿਮ ਅਰਦਾਸ 'ਚ ਪੁੱਜੀਆਂ ਤੇ ਵੱਡੀ ਗਿਣਤੀ ਸੰਸਥਾਵਾਂ ਨੇ ਭੇਜੇ ਸ਼ੋਕ ਸੁਨੇਹੇ
- ਨਿਤਨੇਮੀ, ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੇ ਸਨ ਸਰਦਾਰਨੀ ਗਰੇਵਾਲ
ਲੁਧਿਆਣਾ, 24 ਜਨਵਰੀ 2020 - ਸਰਦਾਰਨੀ ਕੁਲਦੀਪ ਕੌਰ ਗਰੇਵਾਲ (62 ਸਾਲ) ਜ਼ਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਨਮਿਤ ਵੈਰਾਗਮਈ ਗੁਰਬਾਣੀ ਕੀਰਤਨ ਤੋਂ ਬਾਅਦ ਅੰਤਿਮ ਅਰਦਾਸ ਅੱਜ ਗਰੇਵਾਲ ਨਿਵਾਸ, ਪਿੰਡ ਦਾਦ ਵਿਖੇ ਹੋਈ। ਇਸ ਦੌਰਾਨ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ ਅਤੇ ਡੇਰਾ ਸ੍ਰੀ ਰਾਮ ਟਿੱਲਾ ਮਲੂਕਾ ਤੋਂ ਭਾਈ ਰਣਜੀਤ ਸਿੰਘ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ।
ਸਰਦਾਰਨੀ ਕੁਲਦੀਪ ਕੌਰ ਗਰੇਵਾਲ, ਸ. ਕਰਤਾਰ ਸਿੰਘ ਗਰੇਵਾਲ ਦੀ ਨੂੰਹ, ਸ. ਜਗਦੀਸ਼ ਪਾਲ ਸਿੰਘ ਗਰੇਵਾਲ ਦੇ ਧਰਮ ਪਤਨੀ ਸਨ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਸ. ਭਰਤ ਇੰਦਰ ਸਿੰਘ ਚਾਹਲ ਦੀ ਕੁੜਮਣੀ ਲੱਗਦੇ ਸਨ। ਉਨ੍ਹਾਂ ਦੀ ਸਪੁੱਤਰੀ ਬੀਬਾ ਕਮਲਜੀਤ ਕੌਰ ਚਹਿਲ, ਸ. ਬਿਕਰਮਜੀਤ ਇੰਦਰ ਸਿੰਘ ਚਹਿਲ ਦੇ ਧਰਮ ਪਤਨੀ ਹਨ ਜਦੋਂ ਕਿ ਦੂਜੀ ਸਪੁਤਰੀ ਬੀਬਾ ਸੁਖਪ੍ਰੀਤ ਕੌਰ, ਸ. ਪਰਮਜੀਤ ਸਿੰਘ ਢਿੱਲੋਂ ਨਾਲ ਵਿਆਹੇ ਹੋਏ ਹਨ। ਜਦੋਂਕਿ ਉਨ੍ਹਾਂ ਦੇ ਸਪੁੱਤਰ ਸ. ਇਕਬਾਲ ਸਿੰਘ ਗਰੇਵਾਲ ਇਲਾਕੇ ਦੀ ਉੱਘੀ ਸ਼ਖ਼ਸੀਅਤ ਵਜੋਂ ਉਭਰੇ ਹਨ।
ਸਰਦਾਰਨੀ ਕੁਲਦੀਪ ਕੌਰ ਗਰੇਵਾਲ ਨਮਿਤ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਰਾਜਸੀ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ, ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਸਮੇਤ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਅਤੇ ਹੋਰ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ। ਜਦੋਂਕਿ ਬਹੁਤ ਸਾਰੀਆਂ ਉੱਘੀਆਂ ਸ਼ਖ਼ਸੀਅਤਾਂ ਅਤੇ ਅਨੇਕਾਂ ਸੰਸਥਾਵਾਂ ਨੇ ਸ਼ੋਕ ਸੰਦੇਸ਼ ਭੇਜ ਕੇ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ।
ਇਸ ਤੋਂ ਪਹਿਲਾਂ ਸਰਦਾਰਨੀ ਗਰੇਵਾਲ ਦੇ ਅਕਾਲ ਚਲਾਣੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕੈਬਨਿਟ ਵਜੀਰਾਂ ਨੇ ਵੀ ਅਫ਼ਸੋਸ ਪ੍ਰਗਟਾਇਆ ਸੀ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਪ੍ਰਮਾਤਮਾ ਕੋਲ ਅਰਦਾਸ ਕੀਤੀ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ਣ ਅਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਖ਼ਸ਼ਣ।
ਸਰਦਾਰਨੀ ਗਰੇਵਾਲ ਨਮਿਤ ਹੋਈ ਅੰਤਿਮ ਅਰਦਾਸ ਮਗਰੋਂ ਸਮਾਜ ਦੇ ਵੱਖ-ਵੱਖ ਖੇਤਰਾਂ ਤੋਂ ਪੁੱਜੀਆਂ ਉੱਘੀਆਂ ਸ਼ਖ਼ਸੀਅਤਾਂ ਦਾ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਸਾਬਕਾ ਐਮ.ਪੀ. ਤੇ ਸ਼ੂਗਰਫ਼ੈਡ ਦੇ ਚੇਅਰਮੈਨ ਸ. ਅਮਰੀਕ ਸਿੰਘ ਆਲੀਵਾਲ ਨੇ ਸਰਦਾਰਨੀ ਗਰੇਵਾਲ ਦੇ ਜੀਵਨ 'ਤੇ ਚਾਨਣਾ ਪਾਇਆ ਅਤੇ ਉਨ੍ਹਾਂ ਨੂੰ ਇੱਕ ਚਾਨਣ ਮੁਨਾਰਾ ਦੱਸਿਆ।
ਸ. ਆਲੀਵਾਲ ਨੇ ਦੱਸਿਆ ਕਿ 20 ਮਾਰਚ 1957 ਨੂੰ ਰਾਏਕੋਟ ਨੇੜਲੇ ਪਿੰਡ ਕਮਾਲਪੁਰ 'ਚ ਪਿਤਾ ਸ. ਹਰਜੀਤ ਸਿੰਘ ਅਤੇ ਮਾਤਾ ਸਰਦਾਰਨੀ ਨਛੱਤਰ ਕੌਰ ਦੇ ਘਰ ਜਨਮੇ ਸਰਦਾਰਨੀ ਕੁਲਦੀਪ ਕੌਰ ਜਿੱਥੇ ਮਿੱਠਬੋਲੜੇ ਅਤੇ ਨਰਮ ਦਿਲ ਸੁਭਾਅ ਦੇ ਮਾਲਕ ਸਨ, ਉਥੇ ਹੀ ਉਹ ਦੂਜਿਆਂ ਦੇ ਦੁੱਖ-ਸੁੱਖ ਨੂੰ ਆਪਣਾ ਸਮਝਕੇ ਲੋੜਵੰਦਾਂ ਦੀ ਮਦਦ ਲਈ ਸਦਾ ਤਤਪਰ ਰਹਿੰਦੇ ਸਨ। ਉਹ ਬਹੁਤ ਹੀ ਸਾਊ, ਹੱਸਮੁੱਖ, ਮਿਲਣਸਾਰ, ਗੁਰੂ ਘਰ ਦੇ ਸੇਵਾਦਾਰ ਤੇ ਗੁਰੂ ਘਰ ਨਾਲ ਜੁੜੇ ਹੋਏ, ਅਸੂਲਾਂ ਦੇ ਪੱਕੇ, ਇਮਾਨਦਾਰ ਤੇ ਸੱਚੀ-ਸੁੱਚੀ ਤੇ ਇੱਕ ਨਿੱਘੀ ਸ਼ਖ਼ਸੀਅਤ ਸਨ।
ਬੀਬੀ ਗਰੇਵਾਲ ਪਰਮਾਤਮਾ ਵੱਲੋਂ ਪਰਿਵਾਰ ਨੂੰ ਬਖ਼ਸ਼ੀ ਬੇਸ਼ੁਮਾਰ ਜਾਇਦਾਦ ਹੋਣ ਦੇ ਬਾਵਜੂਦ ਹਮੇਸ਼ਾ ਹੀ ਸਾਦਗੀ ਵਾਲਾ ਜੀਵਨ ਬਤੀਤ ਕਰਦੇ ਰਹੇ। ਉਹ ਬਿਮਾਰੀ ਦੇ ਬਾਵਜੂਦ ਸਦਾ ਚੜ੍ਹਦੀ ਕਲਾ 'ਚ ਰਹੇ ਅਤੇ ਜਿੱਥੇ ਖ਼ੁਦ ਹਰ ਔਕੜ ਦਾ ਡੱਟਕੇ ਮੁਕਾਬਲਾ ਕੀਤਾ, ਉਥੇ ਹੀ ਇਹੋ ਕੁਝ ਆਪਣੇ ਬੱਚਿਆਂ ਨੂੰ ਵੀ ਸਿਖਾਇਆ। ਉਹ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸਨ ਅਤੇ ਦੋਹਤਾ ਕਾਕਾ ਗੁਰਸ਼ੇਰ ਇੰਦਰ ਸਿੰਘ ਚਹਿਲ ਸਮੇਤ ਦੋਹਤੀਆਂ ਜਸਮੀਰਾ ਅਤੇ ਪਰੀਨੀਤ ਉਨ੍ਹਾਂ ਦੇ ਬਹੁਤ ਹੀ ਲਾਡਲੇ ਬੱਚੇ ਹਨ।
ਗੁਰਬਾਣੀ ਮੁਤਾਬਕ ਇਮਾਨਦਾਰ ਤੇ ਸੱਚਾ-ਸੁੱਚਾ ਜੀਵਨ ਜਿਉਣ ਵਾਲੇ ਸਰਦਾਰਨੀ ਗਰੇਵਾਲ ਬਹੁਤ ਦਿਆਲੂ ਸੁਭਾ ਦੇ ਸਨ ਅਤੇ ਜਦੋਂ ਉਨ੍ਹਾਂ ਨੂੰ ਪਤਾ ਚੱਲਦਾ ਕਿ ਕੋਈ ਨੇੜਲਾ ਬਿਮਾਰ ਹੈ ਤਾਂ ਉਹ ਉਸ ਦੀ ਸਿਹਤਯਾਬੀ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਕੇ ਅਰਦਾਸ ਕਰਦੇ ਸਨ। ਘਰ ਆਏ ਮਹਿਮਾਨਾਂ ਨੂੰ ਹੱਥੀਂ ਖਾਣਾ ਬਣਾ ਕੇ ਖੁਆਉਣਾ ਅਤੇ ਦੂਜਿਆਂ ਦੀ ਸੇਵਾ ਕਰਨੀ ਉਨ੍ਹਾਂ ਦੇ ਸੁਭਾਅ ਦਾ ਇੱਕ ਵਡਮੁੱਲਾ ਹਿੱਸਾ ਸੀ।
ਸਰਦਾਰਨੀ ਕੁਲਦੀਪ ਕੌਰ ਗਰੇਵਾਲ ਨੇ ਆਪਣੇ ਸਰੀਰ 'ਤੇ ਆਈ ਬਿਮਾਰੀ ਦਾ ਸਾਹਮਣਾ ਵੀ ਬੜੇ ਦ੍ਰਿੜ ਹੌਂਸਲੇ ਨਾਲ ਕੀਤਾ ਤੇ ਇਸ ਦੌਰਾਨ ਉਨ੍ਹਾਂ ਦੇ ਸਪੁੱਤਰ ਸ. ਇਕਬਾਲ ਸਿੰਘ ਗਰੇਵਾਲ ਅਤੇ ਸਪੁੱਤਰੀਆਂ ਬੀਬਾ ਕਮਲਜੀਤ ਕੌਰ ਚਹਿਲ ਤੇ ਸੁਖਪ੍ਰੀਤ ਕੌਰ ਢਿੱਲੋਂ ਨੇ ਦਿਨ-ਰਾਤ ਇੱਕ ਕਰਕੇ ਉਨ੍ਹਾਂ ਦੀ ਸੇਵਾ ਕੀਤੀ।
ਇਸ ਤੋਂ ਪਹਿਲਾਂ ਵੱਡੀ ਗਿਣਤੀ ਉੱਘੀਆਂ ਸ਼ਖ਼ਸੀਅਤਾਂ ਨੇ ਸ. ਜਗਦੀਸ਼ ਪਾਲ ਸਿੰਘ ਗਰੇਵਾਲ, ਸ. ਇਕਬਾਲ ਸਿੰਘ ਗਰੇਵਾਲ, ਬੀਬਾ ਕਮਲਜੀਤ ਕੌਰ ਚਹਿਲ, ਬੀਬਾ ਸੁਖਪ੍ਰੀਤ ਕੌਰ ਢਿੱਲੋਂ ਅਤੇ ਸਮੁੱਚੇ ਗਰੇਵਾਲ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕੇ ਅਫ਼ਸੋਸ ਵੀ ਪ੍ਰਗਟ ਕੀਤਾ।