ਜਗਦੀਸ਼ ਥਿੰਦ
ਫਾਜਿਲਕਾ, 24 ਜਨਵਰੀ
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਡਿਜੀਟਲ ਮਿਊਜੀਅਮ ਅਤੇ ਲਾਈਟ ਐਂਡ ਸਾਉਂਡ ਪ੍ਰੋਗਰਾਮ ਫ਼ਾਜ਼ਿਲਕਾ ਦੇ ਐਮ.ਆਰ. ਕਾਲਜ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਐਸ.ਡੀ.ਐਮ. ਫ਼ਾਜ਼ਿਲਕਾ ਸ੍ਰੀ ਸੁਭਾਸ਼ ਖੱਟਕ ਨੇ ਸਟੇਡੀਅਮ ਵਿਖੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸਮਾਂ ਰਹਿੰਦੇ ਸਮੁੱਚੇ ਪ੍ਰਬੰਧਾਂ ਨੂੰ ਮੁਕੰਮਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ 27 ਤੋਂ 29 ਜਨਵਰੀ 2020 ਤੱਕ ਹੋਣ ਵਾਲੇ ਲਾਈਟ ਐਂਡ ਸਾਉਂਡ ਪ੍ਰੋਗਰਾਮ ਵਿੱਚ ਦਾਖਲਾ ਬਿਲਕੁਲ ਮੁਫਤ ਹੋਵੇਗਾ। ਉਨ੍ਹਾਂ ਕਿਹਾ ਕਿ ਤਿੰਨੋਂ ਦਿਨ ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਡਿਜੀਟਲ ਮਿਊਜੀਅਮ ਆਮ ਲੋਕਾਂ ਲਈ ਖੁੱਲਾ ਰਹੇਗਾ। ਇਸ ਤੋਂ ਬਿਨ੍ਹਾਂ ਮਿਤੀ 28 ਅਤੇ 29 ਜਨਵਰੀ 2020 ਨੂੰ ਦੋਨੋਂ ਦਿਨ ਸ਼ਾਮ ਨੂੰ 6 ਅਤੇ 7 ਵਜੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਐਮ.ਆਰ. ਕਾਲਜ ਦੇ ਖੇਡ ਸਟੇਡੀਅਮ ਵਿਖੇ ਹੀ ਹੋਵੇਗਾ।
ਐਸ.ਡੀ.ਐਮ. ਸ੍ਰੀ ਖੱਟਕ ਨੇ ਦੱਸਿਆ ਕਿ ਇਸ ਪ੍ਰੋਗਰਾਮ ’ਚ ਮਲਟੀ ਮੀਡੀਆ ਤਕਨੀਕਾਂ ਨਾਲ ਗੁਰੂ ਜੀ ਦੇ ਜੀਵਨ, ਸਿੱਖਿਆਵਾਂ ਨੂੰ ਰੂਪਮਾਨ ਕੀਤਾ ਗਿਆ ਹੈ। ਇਹ ਸਾਡੀ ਨਵੀਂ ਪੀੜ੍ਹੀ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋਵੇਗਾ। ਉਨਾਂ ਦੱਸਿਆ ਕਿ ਲਾਈਟ ਐਂਡ ਸਾਊਂਡ ਪ੍ਰੋਗਰਾਮ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਦੇ ਵੱਖ ਵੱਖ ਪ੍ਰਸੰਗ ਰੂਪਮਾਨ ਕੀਤਾ ਗਏ ਹਨ। ਉਨ੍ਹਾਂ ਫ਼ਾਜ਼ਿਲਕਾ ਵਾਸੀਆਂ ਨੂੰ ਡਿਜੀਟਲ ਮਿਊਜੀਅਮ ਅਤੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਵੇਖਣ ਲਈ ਹੁੰਮਹੁੰਮਾ ਕੇ ਪੁੱਜਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰੂ ਜੀ ਦੀਆਂ ਸਿੱਖਿਆਵਾਂ ਦੇ ਪ੍ਰਸਾਰ ਲਈ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਐਸ.ਪੀ. ਕੁਲਦੀਪ ਸ਼ਰਮਾ, ਤਹਿਸੀਲਦਾਰ ਫ਼ਾਜ਼ਿਲਕਾ ਡੀ.ਪੀ. ਪਾਂਡੇ, ਤਹਿਸੀਲ ਭਲਾਈ ਅਫ਼ਸਰ ਅਸ਼ੋਕ ਕੁਮਾਰ, ਕਾਰਜ ਸਾਧਕ ਅਫ਼ਸਰ ਰਜਨੀਸ਼ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਪਵਨ ਕੁਮਾਰ, ਜ਼ਿਲ੍ਹਾ ਖੇਡ ਅਫ਼ਸਰ ਗੁਰਫਤਿਹ ਸਿੰਘ ਆਦਿ ਵੀ ਹਾਜਰ ਸਨ।