ਜਗਦੀਸ਼ ਥਿੰਦ
ਫਿਰੋਜ਼ਪੁਰ 25 ਜਨਵਰੀ : ਉਮਰ ਦੇ ਪਹਿਲੇ ਪੜਾਅ 'ਤੇ ਆਪਣੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਮੱਲਾਂ ਮਾਰਨ ਵਾਲੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਦੀ ਥਾਂ ਜ਼ਿਲਾ ਪ੍ਰਸ਼ਾਸ਼ਨ ਉਨ੍ਹਾਂ ਦੇ ਹੌਸਲੇ ਪਸਤ ਕਰਨ ਲੱਗਾ ਹੈ।
ਜਦਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗਣਤੰਤਰ ਦਿਵਸ ਮੌਕੇ ਤਕਰੀਬਨ ਹਰੇਕ ਵਿਭਾਗ ਦੇ ਦਰਜਾ ਬਾ ਦਰਜਾ ਥੋਕ ਵਿੱਚ ਅਧਿਕਾਰੀ/ਕਰਮਚਾਰੀ ਸਨਮਾਨਿਤ ਹੋਣਗੇ ਪਰ ਖਿਡਾਰੀਆਂ ਨੂੰ ਉਨ੍ਹਾਂ ਦਾ ਬਣਦਾ ਮਾਣ ਦੇਣ ਅਤੇ ਉਤਸ਼ਾਹਿਤ ਕਰਨ ਮੌਕੇ ਫਿਰੋਜ਼ਪੁਰ ਪ੍ਰਸ਼ਾਸ਼ਨ ਕੋਲ ਸਮੇਂ ਦੀ ਘਾਟ ਸਾਹਮਣੇ ਆ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਪ੍ਰਸ਼ਾਸ਼ਨ ਵੱਲੋਂ ਹਰ ਸਾਲ ਗਣਤੰਤਰ ਦਿਵਸ ਅਤੇ ਸੁਤੰਤਰਤਾ ਦਿਵਸ ਮੌਕੇ ਜਿੱਥੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ(ਉੱਚ ਅਧਿਕਾਰੀਆਂ ਦੇ ਘਰਾਂ ਵਿੱਚ ਕੰਮ ਕਰਨ ਵਾਲਿਆਂ ਸਮੇਤ) ਨੂੰ ਉਨ੍ਹਾਂ ਵੱਲੋਂ ਨਿਭਾਈਆਂ 'ਸੇਵਾਵਾਂ' ਬਦਲੇ ਸਨਮਾਨਿਤ ਕਰ ਭਵਿੱਖ ਵਿੱਚ ਹੋਰ ਵੀ ਉੱਤਮ ਕਾਰਜ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਇਹਨਾਂ ਸਰਕਾਰੀ ਮੁਲਾਜ਼ਮਾਂ ਦੇ ਨਾਲ ਸੂਬਾਈ, ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ ਤਾਂ ਕਿ ਉਹ ਹੋਰ ਮਿਹਨਤ ਕਰਕੇ ਆਪਣਾ ਤੇ ਆਪਣੇ ਜਿਲ੍ਹੇ ਦਾ ਨਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਚਮਕਾ ਸਕਣ ਪਰ ਇਸ ਵਾਰ ਗਣਤੰਤਰ ਦਿਵਸ ਮੌਕੇ ਪ੍ਰਸ਼ਾਸਨ ਵੱਲੋਂ ਸਮੇਂ ਦੀ ਘਾਟ ਦੀ ਆੜ ਵਿੱਚ ਉਨ੍ਹਾਂ ਖਿਡਾਰੀਆਂ ਦੇ ਨਾਂ ਸਨਮਾਨਿਤ ਹੋਣ ਵਾਲੀਆਂ ਸਖਸ਼ੀਅਤਾਂ ਦੀ ਲਿਸਟ ਵਿੱਚੋ ਮਨਫੀ ਕਰ ਦਿੱਤੇ ਹਨ।
ਖੇਡ ਵਿਭਾਗ ਵੱਲੋਂ ਰਾਜ ਪੱਧਰ ਦੇ ਤਗਮਾ ਜੇਤੂ ਖਿਡਾਰੀਆਂ ਦੀ ਭੇਜੀ ਲਿਸਟ ਨੂੰ ਖਾਰਜ ਕਰਦੇ ਹੋਏ ਜਿਲ੍ਹਾ ਪ੍ਰਸ਼ਾਸ਼ਨ ਨੇ ਸਪਸ਼ਟ ਕੀਤਾ ਹੈ ਕਿ ਸਿਰਫ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਹੀ ਸਨਮਾਨਿਤ ਕੀਤੇ ਜਾਣਗੇ।
ਜਿਲ੍ਹਾ ਪ੍ਰਸ਼ਾਸ਼ਨ ਦੇ ਵਿਤਕਰੇ ਭਰੇ ਵਤੀਰੇ ਨੂੰ ਲੈ ਕਿ ਭਾਰੀ ਮਿਹਨਤ ਤੋਂ ਬਾਅਦ ਰਾਜ ਪੱਧਰ ਦੇ ਤਗਮਾ ਜੇਤੂ ਖਿਡਾਰੀਆਂ ਤੇ ਉਨ੍ਹਾਂ ਦੇ ਮਾਪਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਤਗਮਾ ਜੇਤੂ ਖਿਡਾਰੀਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਨਵੀਂ ਪੁੰਗਰਦੀ ਖੇਡ ਪਨੀਰੀ ਪ੍ਰਤੀ ਸਰਕਾਰਾਂ ਦੀ ਅਣਦੇਖੀ, ਨਵੀਨਤਮ ਤਕਨੀਕ ਅਤੇ ਖੇਡ ਉਪਕਰਨਾਂ ਦੀ ਅਣਹੋਂਦ ਦੇ ਬਾਵਜੂਦ ਰਾਜ ਪੱੱਧਰ ਤੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਦੇ ਹੌਸਲੇ ਪਸਤ ਕਰਕੇ ਜ਼ਿਲਾ ਪ੍ਰਸ਼ਾਸ਼ਨ ਇਹਨਾਂ ਖਿਡਾਰੀਆਂ ਤੋਂ ਕਿਹੜੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਤਗਮਿਆਂ ਦੀ ਆਸ ਰੱਖ ਸਕਦਾ ਹੈ।