ਅਸ਼ੋਕ ਵਰਮਾ
ਮਾਨਸਾ, 25 ਜਨਵਰੀ 2020 - ਮਾਨਸਾ ਜ਼ਿਲ੍ਹੇ ਵਿੱਚ 10 ਵਾਂ ਰਾਸ਼ਟਰੀ ਵੋਟਰ ਦਿਵਸ ਜ਼ਿਲ੍ਹਾ ਪੱਧਰ ਤੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬੁਢਲਾਡਾ ਵਿਖੇ ਮਨਾਇਆ ਗਿਆ ਜਿੱਥੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਸਮਾਗਮ ਦੀ ਸ਼ੁਰੂਆਤ ਗੀਤ ਵੰਦੇ ਮਾਤਰਮ ਨਾਲ ਹੋਈ। ਇਸ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰੇਟਾ ਦੇ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਪੇਸ਼ ਕੀਤਾ ਗਿਆ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ ਬੁਢਲਾਡਾ) ਵੱਲੋਂ ਸਕਿੱਟ ਦੀ ਪੇਸ਼ਕਾਰੀ ਕੀਤੀ ਗਈ ਜਿਸ ਰਾਹੀਂ ਹਰ ਇਕ ਨੂੰ ਵੋਟ ਬਣਵਾਉਣ ਅਤੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਦਾ ਸੁਨੇਹਾ ਦਿੱਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤ ਇਕ ਲੋਕਤੰਤਰ ਰਾਜ ਹੈ ਜਿੱਥੇ ਹਰ ਇਕ ਨੂੰ ਆਪਣੀ ਗੱਲ ਕਹਿਣ ਅਤੇ ਵੋਟ ਦਾ ਅਧਿਕਾਰ ਪ੍ਰਾਪਤ ਹੈ ਜਿਸ ਨਾਲ ਲੋਕ ਆਪਣੀ ਸਰਕਾਰ ਖੁਦ ਚੁਣ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਕਦੇ ਵੀ ਵੋਟ ਦੇ ਅਧਿਕਾਰ ਦੀ ਵਰਤੋ ਕਿਸੇ ਧਰਮ, ਜਾਤੀ, ਭਾਸ਼ਾ, ਪੈਸੇ ਆਦਿ ਦੇ ਲਾਲਚ ਵਿਚ ਆ ਕੇ ਨਹੀਂ ਕਰਨੀ ਚਾਹੀਦੀ। ਹਮੇਸ਼ਾ ਨਿਰਪੱਖ ਤੇ ਨਿਡਰ ਹੋ ਕੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਰ ਇਕ ਨੂੰ 18 ਸਾਲ ਦੀ ਉਮਰ ਦੇ ਹਰ ਨਾਗਰਿਕ ਨੂੰ ਆਪਣੀ ਵੋਟ ਬਣਵਾਉਣੀ ਚਾਹੀਦੀ ਹੈ ਅਤੇ ਵੋਟ ਦੇ ਇਸਤੇਮਾਲ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ ਹੈ।
ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸੀ੍ਰਮਤੀ ਅਪਨੀਤ ਰਿਆਤ ਵੱਲੋਂ ਚੋਣਾਂ ਦੇ ਖੇਤਰ ਵਿਚ ਵਧੀਆ ਕਾਰਗੁਜ਼ਾਰੀ ਲਈ ਚੋਣ ਰਜਿਸਟਰੇਸ਼ਨ ਅਫ਼ਸਰ ਬੁਢਲਾਡਾ ਸ੍ਰੀ ਆਦਿੱਤਯ ਡੇਚਲਵਾਲ ਦਾ ਸਨਮਾਨ ਕੀਤਾ ਗਿਆ। ਇਸੇ ਤਰਾਂ ਸ੍ਰੀ ਓਮ ਪ੍ਰਕਾਸ਼ ਮਿੱਢਾ ਚੋਣ ਨੋਡਲ ਅਫ਼ਸਰ ਸਿੱਖਿਆ ਸੰਸਥਾਵਾਂ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਨਸਾ ਵਿਖੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਨੂੰ ਵੀ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਰਦੂਲਗੜ੍ਹ ਦਫ਼ਤਰ ਨਗਰ ਪੰਚਾਇਤ ਵਿਖੇ ਤਾਇਨਾਤ ਕਲਰਕ ਮੋਹਿਤ ਕੁਮਾਰ ਨੂੰ ਬੂਥ ਲੈਵਲ ਅਫ਼ਸਰ ਵਜੋਂ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ।
ਮਾਸਟਰ ਟਰੇਨਰਾਂ, ਟੀਮ ਕੋਆਰਡੀਨੇਟਰ, ਦਿਵਿਆਂਗ ਵੋਟਰਾਂ ਦੀ ਮਦਦ ਲਈ ਬਣਾਈਆਂ ਗਈਆਂ ਟੀਮਾਂ ਦੇ ਟੀਮ ਕੋਆਰਡੀਨੇਟਰ, ਸੁਪਰਵਾਇਜ਼ਰ, ਅਤੇ ਵਿਸ਼ੇਸ਼ ਤੌਰ ਤੇ ਦਿਵਿਆਂਗ ਵੋਟਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌੇਕੇ ਐਸ.ਡੀ.ਐਮ. ਬੁਢਲਾਡਾ ਸ੍ਰੀ ਆਦਿੱਤਯ ਡੇਚਲਵਾਲ, ਚੋਣ ਤਹਿਸੀਲਦਾਰ ਸ੍ਰੀ ਗੁਰਚਰਨ ਸਿੰਘ, ਤਹਿਸੀਲਦਾਰ ਬੁਢਲਾਡਾ ਸ੍ਰੀ ਪਵਨ ਕੁਮਾਰ, ਨਾਇਬ ਤਹਿਸੀਲਦਾਰ ਸ੍ਰੀ ਓਮ ਪ੍ਰਕਾਸ਼ ਜਿੰਦਲ, ਪ੍ਰਧਾਨ ਨਗਰ ਕੌਂਸਲ ਬੁਢਲਾਡਾ ਸ੍ਰੀ ਬਲਵਿੰਦਰ ਸਿੰਘ, ਸ੍ਰੀ ਦਰਸ਼ਨ ਸਿੰਘ ਬਰੇਟਾ, ਐਮ.ਸੀ. ਗੀਤਾ ਰਾਣੀ ਮੌਜੂਦ ਸਨ।
ਮਾਤਾ ਸੁੰਦਰੀ ਗਰਲਜ਼ ਕਾਲਜ ਮਾਨਸਾ ਵਿਖੇ ਮਨਾਏ ਗਏ ਰਾਸ਼ਟਰੀ ਵੋਟਰ ਦਿਵਸ ਮੌਕੇ ਮਾਨਸਾ ਸਬ ਡਵੀਜ਼ਨ ਪੱਧਰ ਦਾ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਐਸ.ਡੀ.ਐਮ. ਮਾਨਸਾ ਸ੍ਰੀਮਤੀ ਸਰਬਜੀਤ ਕੌਰ ਨੇ ਕੀਤੀ। ਇਸ ਮੌਕੇ ਜਿੱਥੇ ਲੈਕਚਰਾਰ ਤੇ ਪ੍ਰਿੰਸੀਪਲ ਨੂੰ ਡਾਇਰੀਆਂ ਵੰਡੀਆਂ ਗਈਆਂ ਉੱਥੇ ਹੀ ਸਮੂਹ ਹਾਜਰੀਨ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਇਸ ਤੋਂ ਇਲਾਵਾ ਤਿੰਨ 18 ਸਾਲ ਦੇ ਨਵੇਂ ਵੋਟਰਾਂ ਨੂੰ ਵੋਟਰ ਕਾਰਡ ਵੰਡੇ ਗਏ। ਕਾਲਜ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਤੇ ਸਕਿੱਟ ਦੀ ਪੇਸ਼ਕਾਰੀ ਵਿਚ ਵੋਟਰ ਜਾਗਰੂਕਤਾ ਸਬੰਧੀ ਸੁਨੇਹਾ ਦਿੱਤਾ ਗਿਆ। ਬੀ.ਐਲ.ਓ. ਸ੍ਰੀ ਪਰਮਜੀਤ ਸਿੰਘ ਨੂੰ ਚੰਗੀ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਬਰਿੰਦਰ ਕੌਰ, ਨਾਇਬ ਤਹਿਸੀਲਦਾਰ ਜੋਗਾ ਸ੍ਰੀ ਜੀਵਨ ਲਾਲ ਗਰਗ ਵੀ ਮੌਜੂਦ ਸਨ।
ਅੱਜ ਦੇ ਦਿਨ ਬੱਚਤ ਭਵਨ ਮਾਨਸਾ ਵਿਖੇ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਕਰਮਚਾਰੀਆਂ ਵੱਲੋਂ ਲੋਕਤੰਤਰ ਵਿਚ ਵਿਸ਼ਵਾਸ ਰੱਖਦੇ ਹੋਏ ਦੇਸ਼ ਦੀਆਂ ਲੋਕਤਾਂਤਰਿਕ ਪਰੰਪਰਾਵਾਂ ਨੂੰ ਬਣਾਏ ਰੱਖਣ ਅਤੇ ਸੁਤੰਤਰ, ਨਿਰਪੱਖ ਤੇ ਸ਼ਾਂਤੀਪੂਰਣ ਚੋਣ ਦੀ ਗਰਿਮਾ ਨੂੰ ਬਰਕਰਾਰ ਰੱਖਦੇ ਹੋਏ ਨਿਡਰ ਹੋ ਕੇ ਧਰਮ, ਵਰਗ, ਜਾਤੀ, ਸਮੁਦਾਇ, ਭਾਸ਼ਾ ਜਾਂ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾ ਸਾਰੀਆਂ ਚੋਣਾਂ ਵਿਚ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਪ੍ਰਣ ਲਿਆ।
ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤਾ ਮਾਲੋਕਾ, ਤਹਿਸੀਲ ਸਰਦੂਲਗੜ੍ਹ ਵਿਖੇ ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਰਾਜਪਾਲ ਸਿੰਘ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ। ਵਿਦਿਆਰਥੀਆਂ ਵੱਲੋਂ ਵੋਟਰ ਜਾਗਰੂਕਤਾ ਦੇ ਸਬੰਧ ਵਿਚ ਨੁੱਕੜ ਨਾਟਕ, ਗੀਤ, ਡਰਾਇੰਗ ਅਤੇ ਪੇਂਟਿੰਗ ਮੁਕਾਬਲਿਆਂ ਵਿਚ ਭਾਗ ਲਿਆ ਗਿਆ। ਇਸ ਮੌਕੇ ਚੋਣਾਂ ਸਬੰਧੀ ਵਧੀਆ ਕਾਰਗੂਜ਼ਾਰੀ ਕਰਨ ਵਾਲੇ ਸੁਪਰਵਾਇਜ਼ਰਾਂ, ਬੂਥ ਲੈਵਲ ਅਫ਼ਸਰਾਂ, ਈ.ਆਰ.ਓਜ਼, ਅਤੇ ਸਹਾਇਕ ਈ.ਆਰ.ਓਜ਼ ਦਾ ਸਨਮਾਨ ਵੀ ਕੀਤਾ ਗਿਆ। ਨਾਇਬ ਤਹਿਸੀਲਦਾਰ ਸ੍ਰੀ ਗੁਰਦੀਪ ਸਿੰਘ, ਪ੍ਰਿੰਸੀਪਲ ਸ੍ਰੀ ਹਰਿੰਦਰ ਭੁੱਲਰ ਵੀ ਇਸ ਮੌਕੇ ਮੌਜੂਦ ਸਨ।